ਲੱਦਾਖ, 10 ਸਤੰਬਰ, ਦੇਸ਼ ਕਲਿਕ ਬਿਊਰੋ :
ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੋਰਚੇ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ ਦਾ ਤੋਦਾ ਡਿੱਗਣ ਨਾਲ ਭਾਰਤੀ ਫ਼ੌਜ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਸ ਹਾਦਸੇ ਵਿੱਚ ਮਹਾਰ ਰੈਜੀਮੈਂਟ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਇੱਕ ਕੈਪਟਨ ਨੂੰ ਬਚਾ ਲਿਆ ਗਿਆ।
ਸ਼ਹੀਦ ਜਵਾਨਾਂ ਦੀ ਪਛਾਣ ਮੋਹਿਤ ਕੁਮਾਰ (ਉੱਤਰ ਪ੍ਰਦੇਸ਼), ਅਗਨੀਵੀਰ ਡਾਭੀ ਰਾਕੇਸ਼ ਦੇਵਾਭਾਈ (ਗੁਜਰਾਤ) ਅਤੇ ਅਗਨੀਵੀਰ ਨੀਰਜ ਕੁਮਾਰ ਚੌਧਰੀ (ਝਾਰਖੰਡ) ਵਜੋਂ ਹੋਈ ਹੈ। ਬਚਾਏ ਗਏ ਅਧਿਕਾਰੀ ਦਾ ਨਾਮ ਕੈਪਟਨ ਅਵਿਰਲ ਸ਼ਰਮਾ ਦੱਸਿਆ ਜਾ ਰਿਹਾ ਹੈ।
ਫ਼ੌਜੀ ਸਰੋਤਾਂ ਮੁਤਾਬਕ ਬੇਸ ਕੈਂਪ ਨੇੜੇ ਕਰੀਬ 12 ਹਜ਼ਾਰ ਫੁੱਟ ਦੀ ਉੱਚਾਈ ’ਤੇ ਬਰਫ਼ ਦਾ ਵੱਡਾ ਤੋਦਾ ਡਿੱਗ ਪਿਆ। ਇਸਦੀ ਲਪੇਟ ਵਿੱਚ ਤਿੰਨ ਜਵਾਨ ਅਤੇ ਇੱਕ ਕੈਪਟਨ ਆ ਗਏ। ਤੁਰੰਤ ਰਾਹਤ ਕਾਰਵਾਈ ਸ਼ੁਰੂ ਕੀਤੀ ਗਈ ਜੋ ਲਗਾਤਾਰ ਪੰਜ ਘੰਟਿਆਂ ਤੱਕ ਚੱਲਦੀ ਰਹੀ। ਆਖ਼ਰਕਾਰ ਬਰਫ਼ ਹਟਾਉਣ ਤੋਂ ਬਾਅਦ ਤਿੰਨਾਂ ਜਵਾਨਾਂ ਦੀਆਂ ਦੇਹਾਂ ਮਿਲੀਆਂ।
ਇਸ ਹਾਦਸੇ ਵਿੱਚ ਜ਼ਖ਼ਮੀ ਕੈਪਟਨ ਨੂੰ ਗੰਭੀਰ ਫ੍ਰਾਸਟਬਾਈਟ ਹੋਣ ਕਾਰਨ ਹੈਲੀਕਾਪਟਰ ਰਾਹੀਂ ਫ਼ੌਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
