ਅਗਲੇ ਸੀਜ਼ਨ ‘ਚ ਫ਼ਸਲ ਪੈਦਾ ਕਰਨ ਯੋਗ ਨਹੀਂ ਰਹੇ ਕਿਸਾਨ: ਐਨ.ਕੇ. ਸ਼ਰਮਾ

ਪੰਜਾਬ


ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਚਾਰ ਲੱਖ ਰੁਪਏ ਪ੍ਰਤੀ ਏਕੜ ਦੇਵੇ ਮੁਆਵਜ਼ਾ
ਸਾਬਕਾ ਵਿਧਾਇਕ ਨੇ ਘੱਗਰ ਦਰਿਆ ਕਿਨਾਰੇ ਵੱਸੇ ਪਿੰਡਾਂ ਦਾ ਕੀਤਾ ਨੁਕਸਾਨ ਦਾ ਜਾਇਜ਼ਾ
ਡੇਰਾਬਸੀ: 10 ਸਤੰਬਰ, ਦੇਸ਼ ਕਲਿੱਕ ਬਿਓਰੋ

 ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪੰਜਾਬ ਸਰਕਾਰ ਨੂੰ ਹੜ੍ਹ ਰਾਹਤ ਪ੍ਰਬੰਧਾਂ ਅਤੇ ਬਚਾਅ ਕਾਰਜਾਂ ਵਿੱਚ ਫੇਲ੍ਹ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡੇਰਾਬੱਸੀ ਹਲਕੇ ਦੇ ਉਹਨਾਂ ਕਿਸਾਨਾਂ, ਜਿਨ੍ਹਾਂ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ, ਨੂੰ ਘੱਟੋ-ਘੱਟ ਚਾਰ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
ਐਨ.ਕੇ. ਸ਼ਰਮਾ ਨੇ ਅੱਜ ਡੇਰਾਬੱਸੀ ਦੇ ਪਿੰਡ ਕਕਰਾਲੀ, ਸੁੰਢਰਾ, ਅਮਲਾਲਾ, ਇਬ੍ਰਾਹੀਮਪੁਰ ਆਦਿ ਦਾ ਦੌਰਾ ਕਰਕੇ ਪ੍ਰਭਾਵਿਤ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਕਿਸਾਨਾਂ ਨੇ ਦੱਸਿਆ ਕਿ ਕਈ ਥਾਵਾਂ ’ਤੇ ਝੋਨੇ ਦੀ ਫ਼ਸਲ ਤਿਆਰ ਸੀ ਪਰ ਹੁਣ ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਰੇਤ ਇਕੱਠੀ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ ਅਤੇ ਹੁਣ ਅਗਲੀ ਬਿਜਾਈ ਵੀ ਸੰਭਵ ਨਹੀਂ ਰਹੀ।
ਪੰਜਾਬ ਸਰਕਾਰ ਵੱਲੋਂ ਰੇਤ ਵੇਚਣ ਦੇ ਐਲਾਨ ਨੂੰ ਗੁੰਮਰਾਹ ਕਰਨ ਵਾਲਾ ਦੱਸਦੇ ਹੋਏ ਕਿਸਾਨਾਂ ਨੇ ਕਿਹਾ ਕਿ ਅੱਜ ਹਰ ਕਿਸਾਨ ਦੇ ਖੇਤ ਵਿੱਚ ਰੇਤ ਹੈ, ਪਰ ਇਸਦਾ ਖਰੀਦਦਾਰ ਸਿਰਫ਼ ਮਾਫੀਆ ਹੈ, ਹੋਰ ਕੋਈ ਨਹੀਂ। ਹੜ੍ਹ ਨਾਲ ਪੈਦਾ ਹੋਈ ਤਬਾਹੀ ਕਾਰਨ ਪੰਜਾਬ ਵਿੱਚ ਨਿਰਮਾਣ ਕਾਰਜ ਰੁਕੇ ਹੋਏ ਹਨ।
ਐਨ.ਕੇ. ਸ਼ਰਮਾ ਨੇ ਕਿਹਾ ਕਿ ਕਿਸਾਨਾਂ ਦੀ ਕੇਵਲ ਝੋਨ ਦੀ ਫ਼ਸਲ ਹੀ ਨਹੀਂ ਸਗੋਂ ਅਗਲੇ ਦੋ ਸੀਜ਼ਨ ਦੀ ਫ਼ਸਲ ਵੀ ਤਬਾਹ ਹੋ ਗਈ ਹੈ। ਝੋਨ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ, ਸਫ਼ੈਦੇ ਤੇ ਪਾਪੂਲਰ ਦੇ ਦਰੱਖ਼ਤ ਵੀ ਨਸ਼ਟ ਹੋ ਗਏ ਹਨ। ਘੱਗਰ ਦਰਿਆ ਕਿਨਾਰੇ ਵੱਸੇ ਪਿੰਡਾਂ ਦੇ ਕਿਸਾਨਾਂ ਦੀ ਆਮਦਨ ਦਾ ਸਰੋਤ ਮੁੱਕ ਗਿਆ ਹੈ। ਸਾਬਕਾ ਵਿਧਾਇਕ ਨੇ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਮੁਆਵਜ਼ਾ ਰਕਮ ਨੂੰ ਕਿਸਾਨਾਂ ਨਾਲ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ ਚਾਰ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਤੇ ਐਨ.ਕੇ. ਸ਼ਰਮਾ ਨੇ ਪ੍ਰਭਾਵਿਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਵੀ ਦਿੱਤੀ। ਉਨ੍ਹਾਂ ਦੇ ਨਾਲ ਅਕਾਲੀ ਨੇਤਾ ਰਜਿੰਦਰ ਸਿੰਘ ਈਸਾਪੁਰ, ਤਰਨਬੀਰ ਸਿੰਘ ਪੂਨੀਆ, ਹਰਚਰਨ ਸਿੰਘ ਅਮਲਾਲਾ, ਹਰਦੀਪ ਅਮਲਾਲਾ, ਅਜਾਇਬ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ ਇਬ੍ਰਾਹੀਮਪੁਰ, ਰਿੰਕੂ ਇਬ੍ਰਾਹੀਮਪੁਰ ਸਮੇਤ ਕਈ ਪ੍ਰਤਿਨਿਧੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।