ਨਾਭਾ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਨਾਭਾ ਬਲਾਕ ਦੇ ਪਿੰਡ ਫ਼ਰੀਦਪੁਰ ਵਿਖੇ ਅੱਜ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਪੀ.ਆਰ.ਟੀ.ਸੀ. ਦੀ ਬੱਸ ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ।
ਮਿਲੀ ਜਾਣਕਾਰੀ ਅਨੁਸਾਰ, ਬੱਸ ਵਿੱਚ ਕਰੀਬ 120 ਯਾਤਰੀ ਸਵਾਰ ਸਨ। ਬੱਸ ਦੇ ਜ਼ਿਆਦਾ ਭਰੀ ਹੋਣ ਕਾਰਨ ਇਸ ਦੀਆਂ ਕਮਾਣੀਆਂ ਅਚਾਨਕ ਟੁੱਟ ਗਈਆਂ, ਜਿਸ ਨਾਲ ਡਰਾਈਵਰ ਬੱਸ ‘ਤੇ ਸੰਤੁਲਨ ਗੁਆ ਬੈਠਾ। ਤੇਜ਼ ਰਫ਼ਤਾਰ ਨਾਲ ਬੱਸ ਸਿੱਧੀ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਦਰੱਖਤ ਵੀ ਜੜ੍ਹ ਤੋਂ ਟੁੱਟ ਗਿਆ।
ਇਸ ਹਾਦਸੇ ਵਿੱਚ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਭਾਦਸੋਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਵੱਡੀ ਗਿਣਤੀ ਵਿੱਚ ਮੌਕੇ ‘ਤੇ ਇਕੱਠੇ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
