ਸਿਹਤ ਟੀਮ ਨੇ ਵੇਰਕਾ ਕਾਮਿਆਂ ਨੂੰ ਏਡਜ਼ ਬਾਬਤ ਦਿੱਤੀ ਜਾਣਕਾਰੀ

ਸਿਹਤ

ਏਡਜ਼ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ : ਸਿਵਲ ਸਰਜਨ

ਮੋਹਾਲੀ 11 ਸਤੰਬਰ : ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿਚ ਚੱਲ ਰਹੀ ਐਚ.ਆਈ.ਵੀ. ਤੀਬਰ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਸਰਗਰਮੀਆਂ ਲਗਾਤਾਰ ਜਾਰੀ ਹਨ l ਇਸ ਸਬੰਧ “ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਸੰਗੀਤਾ ਜੈਨ ਨੇ ਦਸਿਆ ਕਿ ਇਹ ਮੁਹਿੰਮ 12 ਅਗੱਸਤ ਨੂੰ ਸ਼ੁਰੂ ਹੋਈ ਸੀ, ਜੋ 12 ਅਕਤੂਬਰ ਤਕ ਚੱਲੇਗੀ। ਮੁਹਿੰਮ ਦੌਰਾਨ ਏ.ਆਰ.ਟੀ. ਸੈਂਟਰ ਦੀਆਂ ਟੀਮਾਂ ਵੱਖ ਵੱਖ ਥਾਈਂ ਕੈਂਪ ਲਗਾ ਰਹੀਆਂ ਹਨ l ਬੀਤੇ ਦਿਨ ਸਿਹਤ ਟੀਮ ਵੱਲੋਂ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਕਾਮਿਆਂ ਨੂੰ ਇਸ ਭਿਆਨਕ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ l ਉਨ੍ਹਾਂ ਦਸਿਆ ਕਿ ਏਡਜ਼ ਇਕ ਭਿਆਨਕ ਰੋਗ ਹੈ ਜਿਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਏਡਜ਼ ਬਿਮਾਰੀ ਐੱਚਆਈਵੀ ਨਾਮਕ ਵਾਇਰਸ ਤੋਂ ਹੁੰਦੀ ਹੈ। ਐਚ.ਆਈ.ਵੀ. ਦੇ ਸ਼ੁਰੂਆਤੀ ਲੱਛਣਾਂ ਵਿਚ ਬੁਖ਼ਾਰ, ਥਕਾਵਟ, ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਵਿਚ ਦਰਦ, ਸਿਰਦਰਦ, ਜ਼ੁਕਾਮ, ਸੁੱਕੀ ਖੰਘ, ਚਿਹਰੇ ’ਤੇ ਨਿਸ਼ਾਨ ਆਦਿ ਸ਼ਾਮਲ ਹਨ।

 ਇਸ ਦੇ ਫੈਲਣ ਦੇ ਮੁੱਖ ਕਾਰਨ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨਾ, ਐੱਚ.ਆਈ.ਵੀ. ਪ੍ਰਭਾਵਤ ਵਿਅਕਤੀ ਦਾ ਖ਼ੂਨ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਚੜ੍ਹਾਉਣ ਨਾਲ ਹੁੰਦਾ ਹੈ। ਇਹ ਰੋਗ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ ਨਾਲ ਅਤੇ ਐੱਚ.ਆਈ.ਵੀ. ਗ੍ਰਸਤ ਮਾਂ ਤੋਂ ਉਸਦੇ ਬੱਚੇ ਨੂੰ ਜਣੇਪੇ ਤੋਂ ਪਹਿਲਾਂ ਜਾਂ ਮਗਰੋਂ ਵੀ ਹੋ ਸਕਦਾ ਹੈ। ਏਡਜ਼ ਪੀੜਤ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਉਹਦੇ ਦੁਆਰਾ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਫੇਰ ਉਨ੍ਹਾਂ ਦੁਆਰਾ ਵਰਤੇ ਗਏ ਉਪਕਰਣਾਂ ਦੇ ਇਸਤੇਮਾਲ ਨਾਲ ਏਡਜ਼ ਬਿਲਕੁਲ ਨਹੀਂ ਹੁੰਦਾ। ਇਹ ਸਭ ਗ਼ਲਤ ਧਾਰਨਾਵਾਂ ਹਨ।

   ਇਸ ਬੀਮਾਰੀ ਦੀ ਜਾਂਚ ਅਤੇ ਇਲਾਜ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਹੈਲਪਲਾਈਨ 1097 ‘ਤੇ ਸੰਪਰਕ ਕੀਤਾ ਜਾ ਸਕਦਾ ਹੈ l

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।