20 ਸਤੰਬਰ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ।
ਮੁਹਾਲੀ: 12 ਸਤੰਬਰ, ਦੇਸ਼ ਕਲਿੱਕ ਬਿਓਰੋ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਸੰਬੰਧੀ ਭਾਈ ਅਰਵਿੰਦਰ ਪਾਲ ਸਿੰਘ ਕਿੱਟੂ ਵੀਰ ਜੀ ਦੀ ਅਗਵਾਈ ਚ ਕੀਤੇ ਜਾਣ ਵਾਲੇ ਧਾਰਮਿਕ ਪ੍ਰੋਗਰਾਮਾਂ ਦੀ ਲੜੀ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਤੇ ਅਕਾਲ ਆਸ਼ਰਮ ਸੋਹਾਣਾ, ਗੁਰਦੁਆਰਾ ਸ੍ਰੀ ਅੰਬ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਇੱਕ ਸਾਂਝੇ ਅਤੇ ਵਿਸ਼ਾਲ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਅੱਜ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ, ਐੱਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਗਗਨਦੀਪ ਸਿੰਘ ਰਾਜਾ ,ਮੈਨੇਜਰ ਰਾਜਿੰਦਰ ਸਿੰਘ ਟੌਹੜਾ ਵੱਲੋਂ ਸੱਦੀ ਗਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਿਤੀ 17, 18, 19 ਅਤੇ 20 ਸਤੰਬਰ ਨੂੰ ਧਾਰਮਿਕ ਸਮਾਗਮਾਂ ਦੀ ਲੜੀ ਚਲਾਈ ਜਾਵੇਗੀ ਜਿਸ ਦੌਰਾਨ ਪੰਥ ਦੇ ਸਿਰਮੌਰ ਜਥਿਆਂ ਵੱਲੋਂ ਸ਼ਬਦ ਕੀਰਤਨ ਅਤੇ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ। ਮਿਤੀ 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਅਕਾਲ ਆਸ਼ਰਮ ਸੋਹਾਣਾ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਦਾ ਆਯੋਜਨ ਵੀ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਵੱਧ ਤੋਂ ਵੱਧ ਗੁਰੂ ਦੇ ਲੜ ਲਾਇਆ ਜਾ ਸਕੇ। ਆਗੂਆਂ ਨੇ ਦੱਸਿਆ ਕਿ ਮਿਤੀ 20 ਸਤੰਬਰ ਨੂੰ ਸਵੇਰੇ 10:30 ਵਜੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਹੋਵੇਗਾ ਜੋ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ਼ੁਰੂ ਹੋਕੋ ਸੈਕਟਰ 70, ਫੇਜ 7, 8, 9, 10 ਅਤੇ ਫੇਜ 11 ਤੋਂ ਹੁੰਦਾ ਹੋਇਆ ਬੈਸਟੇਕ ਮਾਲ, ਆਈਸਰ ਰੋਡ ਰਾਹੀਂ ਗੁਰਦੁਆਰਾ ਨਾਭਾ ਸਾਹਿਬ ਵਿਖੇ ਸਮਾਪਤ ਹੋਵੇਗਾ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਸੰਗਤ ਨੂੰ ਵੱਧ ਚੜ੍ਹਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਾਨ, ਕਰਮ ਸਿੰਘ ਬਾਬਰਾ, ਸ਼ਮਸ਼ੇਰ ਸਿੰਘ ਪੁਰਖਾਲਵੀ, ਭਾਈ ਗੁਰਮੀਤ ਸਿੰਘ, ਭਾਈ ਜਪਨਜੀਤ ਸਿੰਘ, ਭਾਈ ਅੰਮਿ੍ਤਪਾਲ ਸਿੰਘ, ਗ੍ਰੰਥੀ ਸਿੰਘ ਭਾਈ ਸੰਦੀਪ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਮਨਜੀਤ ਸਿੰਘ ਅਤੇ ਕੈਪਟਨ ਰਮਨਦੀਪ ਸਿੰਘ ਬਾਵਾ ਹਾਜ਼ਰ ਸਨ।