ਫਾਜ਼ਿਲਕਾ 13 ਸਤੰਬਰ, ਦੇਸ਼ ਕਲਿੱਕ ਬਿਓਰੋ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਰਾਮ ਸਿੰਘ ਭੈਣੀ ਸਮੇਤ ਹੋਰ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਜਿੱਥੇ ਉਨ੍ਹਾਂ ਲੋਕਾਂ ਤੋਂ ਤਾਜਾਂ ਸਥਿਤੀ ਬਾਰੇ ਜਾਣਿਆ ਉੱਥੇ ਹੀ ਪਿੰਡ ਵਾਸੀਆਂ ਨੂੰ ਪਸ਼ੂਆਂ ਲਈ ਫੀਡ ਵੀ ਵੰਡੀ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਹੁਣ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਕਾਫੀ ਘੱਟ ਗਿਆ ਹੈ ਪਰ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਤੁਰੰਤ ਹੀ ਉਹ ਸੜਕਾਂ ਚੱਲਣ ਯੋਗ ਬਣਾ ਦੇਣ ਤਾਂ ਜੋ ਲੋਕਾਂ ਤੱਕ ਰਾਸ਼ਨ ਸਮੱਗਰੀ ਪਹੁੰਚਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਪਾਣੀ ਘਟਣ ਕਾਰਨ ਹੁਣ ਕਿਸ਼ਤੀਆਂ ਚੱਲਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹ ਪ੍ਹਭਾਵਿਤ ਪਿੰਡਾਂ ਵਿੱਚ ਰਾਸ਼ਨ ਸਮੱਗਰੀ ਤੇ ਪਸ਼ੂਆਂ ਲਈ ਚਾਰੇ ਦੀ ਵੰਡ ਜਾਰੀ ਰਹੇਗੀ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਦੇ ਨਾਲ-ਨਾਲ ਉਨ੍ਹਾਂ ਦਾ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਪ੍ਰਕਾਰ ਦੀ ਰਾਹਤ ਸਮੱਗਰੀ ਲੈ ਕੇ ਹਲਕੇ ਦੇ ਲੋਕਾਂ ਵਿੱਚ ਪਹੁੰਚ ਰਹੇ ਹਨ ਤੇ ਪੰਜਾਬ ਸਰਕਾਰ ਵੀ ਇਸ ਸਥਿਤੀ ਤੇ ਜਲਦੀ ਕਾਬੂ ਪਾਉਣ ਵਿੱਚ ਲੱਗੀ ਹੋਈ ਹੈ।