ਮਾਲਕਣ ਤੋ ਹਥਿਆਰ ਦੀ ਨੋਕ ਤੇ ਪੇਟੀ ਖੁਲਵਾਕੇ ਚੁਰਾਏ ਗਹਿਣੇ
ਜਾਣ ਸਮੇ ਬੇਹੋਸ਼ ਕਰਕੇ ਕੰਨਾਂ ਦੀ ਵਾਲੀਆ ਲਾਹ ਕੇ ਹੋਏ ਫਰਾਰ
ਪੁਲਿਸ ਵੱਲੋ ਮਾਮਲਾ ਦਰਜ ਕਰ ਦੋਸ਼ੀਆ ਦੀ ਭਾਲ ਸ਼ੁਰੂ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 13 ਸਤੰਬਰ, ਭਟੋਆ
ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਬਸੀ ਗੁੱਜਰਾਂ ਵਿੱਚ ਵਿੱਚ ਦਿਨ ਦਿਹਾੜੇ ਚੋਰਾਂ ਦੇ ਇੱਕ ਗ੍ਰੋਹ ਵੱਲੋ ਘਰ ਦੀ ਮਾਲਕਣ ਦੀ ਕੁੱਟਮਾਰ ਕਰਕੇ ਅਤੇ ਰਿਵਾਲਵਰ ਦੀ ਨੋਕ ਤੇ ਉਸ ਕੋਲੋ ਅਲਮਾਰੀ ,ਸੰਦੂਕ, ਪੇਟੀ ਤੇ ਟਰੰਕ ਆਦਿ ਖੁਲਵਾ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਗਦੀ ਲੁੱਟਣ ਉਪਰੰਤ ਮਾਲਕਣ ਨੂੰ ਬੇਹੋਸ਼ ਕਰਕੇ ਘਰ ਤੋ ਭੱਜ ਨਿਕਲੇ।ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋ ਮੌਕੇ ਤੇ ਪਹੁੰਚ ਕੇ ਆਸਪਾਸ ਦੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕਰਨ ਉਪਰੰਤ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ 10 ਸਤੰਬਰ ਨੂੰ ਉਸਦਾ ਬੇਟਾ ਗੁਰਜੀਤ ਸਿੰਘ ਅਤੇ ਨੂੰਹ ਸਿਮਰਨਜੀਤ ਕੌਰ
ਐਲਆਈਸੀ ਦੇ ਦਫਤਰ ਮੋਰਿੰਡਾ ਚਲੇ ਗਏ ਜਦਕਿ ਉਹ ਚਾਰਾ ਬੀਜਣ ਲਈ ਆਪਣੇ ਖੇਤਾਂ ਵਿੱਚ ਚਲਾ ਗਿਆ ਤੇ ਉਸ ਦੀ ਪਤਨੀ ਘਰ ਰਣਜੀਤ ਕੌਰ ਘਰ ਵਿੱਚ ਇਕੱਲੀ ਸੀ। ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ 11- 11.15 ਵਜੇ ਦਰਮਿਆਨ ਇੱਕ ਲੜਕੀ ਨੇ ਘਰ ਦੀ ਖਿੜਕੀ ਰਾਹੀਂ ਉਸ ਦੀ ਪਤਨੀ ਨੂੰ ਘਰ ਦੇ ਪਿਛਲੇ ਪਾਸੇ ਪਸ਼ੂਆਂ ਵਾਲੇ ਮਕਾਨ ਨੂੰ ਲੱਗੇ ਦਰਵਾਜ਼ੇ ਨੂੰ ਖੋਲਣ ਲਈ ਆਵਾਜ਼ ਮਾਰੀ। ਜਿਸ ਉਪਰੰਤ ਉਸ ਦੀ ਪਤਨੀ ਨੇ ਜਦੋਂ ਦਰਵਾਜ਼ਾ ਖੋਲਿਆ ਤਾਂ ਇੱਕ ਨੌਜਵਾਨ ਲੜਕੀ ਘਰ ਦੇ ਅੰਦਰ ਦਾਖਲ ਹੋ ਗਈ। ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਇਸ ਨੌਜਵਾਨ ਲੜਕੀ ਨੂੰ ਬਕਾਇਦਾ ਪਾਣੀ ਪਿਆਇਆ ਅਤੇ ਇਸੇ ਦੌਰਾਨ ਇੱਕ ਵਿਅਕਤੀ ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਅਤੇ ਇੱਕ ਔਰਤ ਉਸੇ ਦਰਵਾਜੇ ਰਾਹੀਂ ਘਰ ਅੰਦਰ ਦਾਖਲ ਹੋ ਗਏ, ਜਿਹਨਾਂ ਨੇ ਉਸਦੀ ਪਤਨੀ ਵੱਲੋਂ ਪੁੱਛਣ ਤੇ ਦੱਸਿਆ ਕਿ ਉਹ ਮੋਹਾਲੀ ਤੋਂ ਆਏ ਹਨ। ਨਿਰਮਲ ਸਿੰਘ ਨੇ ਦੱਸਿਆ ਕਿ ਉਸਦਾ ਇੱਕ ਭਰਾ ਮੋਹਾਲੀ ਵਿਖੇ ਸਰਵਿਸ ਕਰਦਾ ਹੈ ਜਿਸ ਕਾਰਨ ਉਸ ਦੇ ਜਾਣੂ ਹੋਣ ਦੇ ਭੁਲੇਖੇ ਵਿੱਚ ਉਸਦੀ ਪਤਨੀ ਨੇ ਉਹਨਾਂ ਲਈ ਚਾਹ ਵੀ ਬਣਾਈ ਤੇ ਲੱਡੂ ਵੀ ਖਵਾਏ, ਪਰੰਤੂ ਇਸ ਗ੍ਰੋਹ ਵਿੱਚ ਸ਼ਾਮਿਲ ਵਿਅਕਤੀ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ, ਜਦਕਿ ਔਰਤ ਅਤੇ ਲੜਕੀ ਵੱਲੋਂ ਚਾਹ ਦਾ ਸੇਵਨ ਕੀਤਾ ਗਿਆ । ਉਹਨਾਂ ਦੱਸਿਆ ਕਿ ਜਦੋਂ ਉਸਦੀ ਪਤਨੀ ਰਣਜੀਤ ਕੌਰ ਨਾਲ ਲੱਗਦੇ ਘਰ ਤੋਂ ਆਪਣੀ ਭੈਣ ਨੂੰ ਬੁਲਾਉਣ ਲਈ ਜਾਣ ਲੱਗੀ ਤਾਂ ਇਸ ਗਰੋਹ ਵਿੱਚ ਸ਼ਾਮਿਲ ਨੌਜਵਾਨ ਲੜਕੀ ਨੇ ਉਸ ਦੀ ਗਰਦਨ ਤੇ ਪੰਚ ਮਾਰ ਕੇ ਹੇਠਾਂ ਡੇਗ ਲਿਆ ਤੇ ਉਸਨੂੰ ਸਿਰ ਦੇ ਵਾਲਾਂ ਤੋਂ ਖਿੱਚ ਕੇ ਸਟੋਰ ਅੰਦਰ ਲੈ ਗਏ, ਜਿੱਥੇ ਮੂੰਹ ਢਕੇ ਅਣਪਛਾਤੇ ਵਿਅਕਤੀ ਨੇ ਉਸਦੇ ਕੰਨ ਤੇ ਰਿਵਾਲਵਰ ਨੁਮਾ ਹਥਿਆਰ ਰੱਖ ਕੇ ਅਲਮਾਰੀ ਸੰਦੂਕ ,ਪੇਟੀ ਅਤੇ ਟਰੰਕ ਦੀਆਂ ਚਾਬੀਆਂ ਮੰਗੀਆਂ ਗਈਆਂ। ਨਿਰਮਲ ਸਿੰਘ ਅਨੁਸਾਰ ਇਹਨਾਂ ਚੋਰਾਂ ਵੱਲੋਂ ਰਿਵਾਲਵਰ ਨੁਮਾ ਹਥਿਆਰ ਦੀ ਨੋਕ ਤੇ ਉਸਦੀ ਪਤਨੀ ਕੋਲੋਂ ਪੇਟੀ ਵਿੱਚ ਰੱਖਿਆ ਲਗਭਗ 8-9 ਤੋਲੇ ਸੋਨੇ ਦੇ ਗਹਿਣੇ ਅਤੇ 8500 ਰੁਪਿਆ ਚੁਰਾ ਲਿਆ । ਨਿਰਮਲ ਸਿੰਘ ਨੇ ਦੱਸਿਆ ਕਿ ਜਾਣ ਸਮੇਂ ਇਹ ਚੋਰ ਉਸ ਦੀ ਪਤਨੀ ਨੂੰ ਰੁਮਾਲ ਸੁੰਘਾ ਕੇ ਬੇਹੋਸ਼ ਕਰਨ ਉਪਰੰਤ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਵੀ ਉਤਾਰ ਕੇ ਲੈ ਗਏ, ਅਤੇ ਜਦੋਂ ਉਹ ਖੇਤਾਂ ਤੋਂ ਘਰ ਵਾਪਸ ਆਇਆ ਤਾਂ ਉਸ ਦੀ ਪਤਨੀ ਬੇਹੋਸ਼ ਪਈ ਸੀ , ਜਿਸ ਨੂੰ ਉਸ ਵੱਲੋ ਆਪਣੇ ਗੁਆਂਢੀਆਂ ਦੀ ਸਹਾਇਤਾ ਨਾਲ ਸਬ ਡਿਵੀਜ਼ਨਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ । ਨਿਰਮਲ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋ ਉਸਦਾ ਘੱਟੋ-ਘੱਟ 10 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ। ਉਨਾ ਦੱਸਿਆ ਕਿ ਚੋਰੀ ਦੀ ਵਾਰਦਾਤ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਉਪਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁੱਟ ਗਈ।
ਉੱਧਰ ਇੰਸਪੈਕਟਰ ਗੁਰਪ੍ਰੀਤ ਸਿੰਘ ਐਸ ਐਚ ਓ ਨੇ ਦੱਸਿਆ ਕਿ ਪੁਲਿਸ ਨੇ ਉਪਰੋਕਤ ਮਾਮਲੇ ਸਬੰਧੀ ਰਣਜੀਤ ਕੌਰ ਪਤਨੀ ਨਿਰਮਲ ਸਿੰਘ ਦੇ ਬਿਆਨ ਦੇ ਅਧਾਰ ਤੇ ਤਿੰਨ ਅਣਪਛਾਤਿਆਂ (ਇਕ ਮਰਦ ਤੇ ਦੋ ਔਰਤਾਂ ) ਖਿਲਾਫ ਬੀਐਨਐਸ ਦੀਆਂ ਧਾਰਾਵਾਂ 308(2),329(4) ਅਧੀਨ
ਮੁਕੱਦਮਾ ਨੰਬਰ 126 ਦਰਜ ਕਰਕੇ ਪਿੰਡ ਬਸੀ ਗੁਜਰਾਂ ਵਿੱਚ ਵੱਖ ਵੱਖ ਘਰਾਂ ਅਤੇ ਸਥਾਨਾਂ ਦੇ ਲੱਗੇ ਸੀਸੀਟੀਵੀ ਕੈਮਰੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪੁਲਿਸ ਟੀਮਾਂ ਦੋਸ਼ੀਆਂ ਦੀ ਭਾਲ ਵਿੱਚ ਜੁੱਟ ਗਈਆਂ ਹਨ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਜਲਦੀ ਹੀ ਇਸ ਗਰੋਹ ਨੂੰ ਕਾਬੂ ਕਰ ਲਿਆ ਜਾਵੇਗਾ।