ਓਟਾਵਾ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਪਹਿਲੀ ਘਟਨਾ ਲੈਂਗਲੀ, ਬੀਸੀ ਵਿੱਚ ਵਾਪਰੀ ਜਿੱਥੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 24 ਸਾਲਾ ਤਰਨ ਪੰਧੇਰ ਵਜੋਂ ਹੋਈ ਹੈ। ਤਰਨ ਨੂੰ ਲੈਂਗਲੀ, ਬੀਸੀ ਵਿੱਚ ਟੈਕਸੀ ਵਿੱਚ ਸਵਾਰ ਹੁੰਦੇ ਸਮੇਂ ਨਿਸ਼ਾਨਾ ਬਣਾਇਆ ਗਿਆ। ਲੈਂਗਲੀ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਪਾਇਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਘਟਨਾ ਤੋਂ ਅੱਧੇ ਘੰਟੇ ਬਾਅਦ, ਸਰੀ ਦੇ 13250 ਬਲਾਕ ਅਤੇ 64ਏ ਐਵੇਨਿਊ ‘ਤੇ ਇੱਕ ਵਾਹਨ ਸੜਦਾ ਹੋਇਆ ਮਿਲਿਆ, ਜੋ ਕਿ ਤਰਨ ਪੰਧੇਰ ਦੇ ਕਾਤਲਾਂ ਦਾ ਮੰਨਿਆ ਜਾ ਰਿਹਾ ਹੈ। ਇਲਾਕੇ ਦੇ ਸੁੱਖੀ ਢੇਸੀ ਨੇ ਕਿਹਾ ਕਿ ਇਹ ਗੈਂਗਵਾਰ ਦਾ ਮਾਮਲਾ ਹੈ।
ਦੂਜੇ ਮਾਮਲੇ ‘ਚ ਬਰਨਬੀ ਵਿਖੇ ਵੀ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਪਛਾਣ 34 ਸਾਲਾ ਸ਼ਾਹੇਬ ਅੱਬਾਸੀ ਵਜੋਂ ਹੋਈ ਹੈ। ਬੀਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਗੋਲੀਬਾਰੀ ਵੀ ਬਰਨਬੀ ਵਿੱਚ ਚੱਲ ਰਹੇ ਗੈਂਗ ਟਕਰਾਅ ਦਾ ਨਤੀਜਾ ਹੋ ਸਕਦੀ ਹੈ।
