ਬਰੈਂਪਟਨ ਕੈਨੇਡਾ, 14 ਸਤੰਬਰ (ਗੁਰਮੀਤ ਸੁਖਪੁਰ)
ਅੱਜ ਇੱਥੇ ਪੰਜਾਬੀ ਪਰਿਵਾਰਾਂ ਵੱਲੋਂ ਆਂਢ ਗੁਆਂਢ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀ ਮਿਲਣੀ ਕਲੱਬ ਦੇ ਆਗੂਆਂ ਗੁਰਦੀਸ਼ ਸਿੰਘ ਮਾਂਗਟ, ਰਾਮਦਿਆਲ ਸਿੰਘ ਚੀਮਾ ਦੀ ਅਗਵਾਈ ਵਿੱਚ ਬਹੁਤ ਵਧੀਆ ਤਰੀਕੇ ਨਾਲ਼ ਕਰਵਾਈ ਗਈ ।
ਮੇਜਰ ਵਿਲੀਅਮ ਸ਼ਾਰਪ ਸੀਨੀਅਰ ਕਲੱਬ ਦੇ ਅਹੁਦੇਦਾਰਾਂ ਜਸਵਿੰਦਰ ਸਿੰਘ ਬਖਸੀ, ਬਲਵਿੰਦਰ ਸਿੰਘ ਸਿੱਧੂ, ਮਨਜੀਤ ਸਿੰਘ, ਬਲਵੀਰ ਸਿੰਘ ਢਿੱਲੋਂ, ਜਗਤਾਰ ਸਿੰਘ ਮੰਡ, ਗਿਆਨ ਸਿੰਘ ਸੰਧੂ ਵਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ। ਐਸੋਸੀਏਸ਼ਨ ਆਫ ਸੀਨੀਅਰਜ ਕਲੱਬ ਵੱਲੋਂ ਹਰਬੰਸ ਸਿੰਘ ਸਿੱਧੂ ਨੇ ਕੈਨੇਡਾ ਕਲੱਬਾਂ ਦੀ ਮਹੱਤਤਾ ਤੇ ਉਨ੍ਹਾਂ ਦੇ ਕੰਮਾਂ ਬਾਰੇ ਬਹੁਤ ਵਧੀਆ ਢੰਗ ਨਾਲ ਚਾਨਣਾ ਪਾਇਆ। ਐਡਵੋਕੇਟ ਗੁਰਦੀਸ਼ ਮਾਂਗਟ ਵੱਲੋਂ ਪਿਛਲੇ 40 ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਪੰਜਾਬੀ ਕਮਿਊਨਟੀ ਦੀਆਂ ਸਮੱਸਿਆਵਾਂ , ਚੁਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਸਮਾਗਮ ਦੇ ਮੁੱਖ ਮਹਿਮਾਨ ਦੀਪਕ ਆਨੰਦ ਐਮ ਐਮ ਪੀ ਡਿਪਟੀ ਮਨਿਸਟਰ ਸਕਿੱਲ ਐਂਡ ਡਵੈਲਪਮੈਂਟ ਵਲੋਂ ਕਲੱਬ ਦੇ ਆਗੂ ਬਲਵਿੰਦਰ ਸਿੰਘ ਸਿੱਧੂ ਨੂੰ ਵਿਸ਼ੇਸ਼ ਸਨਮਾਨ ਭੇਂਟ ਕਰਦਿਆਂ ਸੀਨੀਅਰਜ ਕਲੱਬਾਂ ਦੇ ਮਹੱਤਵਪੂਰਨ ਰੋਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਸੀਨੀਅਰਜ ਦੀ ਚੰਗੀ ਸਿਹਤ ਤੇ ਤੰਦਰੁਸਤੀ ਲਈ ਅਹਿਮ ਰੋਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲਾਂ ਦੇ ਮਹਿੰਗੇ ਖ਼ਰਚਿਆਂ ਤੋਂ ਬਚਣ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ । ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ ਤੇ ਗਿੱਧੇ ਭੰਗੜੇ ਨਾਲ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਗਿਆ ।