ਤਰਨਤਾਰਨ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੂਸਲੇਵੜ ’ਚ ਵੱਡਾ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁੱਤ ਦੀ ਬੇਵਕਤੀ ਮੌਤ ਦੇ ਗ਼ਮ ‘ਚ ਪਿਤਾ ਵੀ ਚੱਲ ਵਸਿਆ।
ਜਾਣਕਾਰੀ ਮੁਤਾਬਕ, ਜਗਜੀਤ ਸਿੰਘ ਪੁੱਤਰ ਰਸਾਲ ਸਿੰਘ ਕੁਝ ਸਾਥੀਆਂ ਸਮੇਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ’ਤੇ ਗਿਆ ਸੀ। ਵੀਰਵਾਰ ਨੂੰ ਉਸ ਦੇ ਦਿਲ ’ਚ ਦਰਦ ਉੱਠਿਆ, ਜਿਸ ਕਰਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਐਬੂਲੈਂਸ ਰਾਹੀਂ ਨਾਂਦੇੜ ਤੋਂ ਪੰਜਾਬ ਲਈ ਰੈਫ਼ਰ ਕੀਤਾ, ਪਰ ਦੁੱਖ ਦੀ ਗੱਲ ਹੈ ਕਿ ਜਗਜੀਤ ਸਿੰਘ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਜਦੋਂ ਇਹ ਖ਼ਬਰ ਪਿੰਡ ਚੂਸਲੇਵੜ ’ਚ ਉਸ ਦੇ ਪਰਿਵਾਰ ਤੱਕ ਪਹੁੰਚੀ ਤਾਂ ਪਿਤਾ ਰਸਾਲ ਸਿੰਘ ਪੁੱਤ ਦੀ ਮੌਤ ਦਾ ਸਦਮਾ ਸਹਾਰ ਨਾ ਸਕਿਆ ਅਤੇ ਓਥੇ ਹੀ ਉਸ ਨੇ ਵੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ।
ਦੋਵੇਂ ਪਿਤਾ-ਪੁੱਤ ਦੀਆਂ ਮ੍ਰਿਤਕ ਦੇਹਾਂ ਦਾ ਇਕੱਠਿਆਂ ਹੀ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਘਟਨਾ ਨੇ ਸਾਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ ਹੈ।
