ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਹੋਈ ਮੀਟਿੰਗ, ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ

ਪੰਜਾਬ

ਸਰਕਾਰ ਵੱਲੋਂ ਪਿਛਲੇ 6 ਮਹੀਨਿਆਂ ਤੋਂ ਮਾਣ ਭੱਤਾ ਨਾ ਦੇਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ

ਜਲੰਧਰ, 15 ਸਤੰਬਰ, ਦੇਸ਼ ਕਲਿੱਕ ਬਿਓਰੋ :

ਦੇਸ਼ ਭਗਤ ਯਾਦਗਰ ਹਾਲ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ’ਚ ਮਾਝਾ ਅਤੇ ਦੁਆਬਾ ਜੋਨ ਦੀਆਂ ਜ਼ਿਲ੍ਹਾ, ਬਲਾਕ ਅਤੇ ਸਰਕਲ ਪ੍ਰਧਾਨਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ ਕੀਤੀ ਗਈ।

ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਲੰਘ ਰਹੀਆਂ ਹਨ। ਇਸ ਇਲਾਕੇ ਵਿੱਚ ਵੱਡੀ ਗਿਣਤੀ ’ਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਪਰ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਉਨ੍ਹਾਂ ਦਾ ਮਾਣ ਭੱਤਾ ਵੀ ਨਹੀਂ ਦੇ ਸਕੀ, ਜਿਸ ਕਰਕੇ ਉਹ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ। ਇਸ ਤੋਂ ਬਿਨਾ ਸਰਕਾਰ ਵੱਲੋਂ ਆਂਗਣਵਾੜੀ ਕੇਂਦਰ ਦੇ ਲਾਭਪਾਤਰੀਆਂ ਨੂੰ ਜੋ ਰਾਸ਼ਨ ਦਿੱਤਾ ਜਾ ਰਿਹਾ ਹੈ ਉਹ ਬੇਹੱਦ ਘਟੀਆ ਕੁਆਲਿਟੀ ਦਾ ਹੈ ਜਿਸ ਕਰਕੇ ਲੋਕ ਰਾਸ਼ਨ ਲੈਣ ਤੋਂ ਇਨਕਾਰੀ ਹਨ ਪਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਮਜ਼ਬੁੂਰ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਰਾਸ਼ਨ ਦਿਓ ਅਤੇ ਉਨ੍ਹਾਂ ਦੀ ਐਫਆਰਐਸ ਕਰੋ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਡਿੱਪੂਆਂ ’ਤੇ ਆ ਰਹੇ ਰਾਸ਼ਨ ਦੀ ਈਕੇਵਾਈਸੀ ਵੀ ਕਰਨ ’ਤੇ ਮਜ਼ਬੂਰ ਕੀਤਾ ਜਾ ਰਿਹਾ ਹੈ।

ਸਰਕਾਰ ਵੱਲੋਂ ਨਾ ਤਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਮਾਰਟ ਫੋਨ ਦਿੱਤੇ ਗਏ ਹਨ ਤੇ ਨਾ ਹੀ ਪੂਰਾ ਰੀਚਾਰਜ ਭੱਤਾ ਦਿੱਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਕੋਲੋਂ ਕੰਮ ਤਾਂ ਹੋਰ ਮਹਿਕਮਿਆਂ ਦੇ ਕਰਵਾਉਣਾ ਚਾਹੁੰਦੀ ਹੈ ਪਰ ਉਨ੍ਹਾਂ ਨੂੰ ਮਾਣ ਭੱਤਾ ਉਨ੍ਹਾਂ ਦੇ ਕੰਮ ਦਾ ਹੀ ਨਹੀਂ ਮਿਲਦਾ ਜਿਸ ਕਰਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਕੋਲੋਂ ਹੋਰ ਕਿਸੇ ਮਹਿਕਮੇ ਦਾ ਕੰਮ ਨਾ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਸਮੇਂ ਸਿਰ ਦਿੱਤਾ ਜਾਵੇ।

 ਇਸੇ ਤਰ੍ਹਾਂ ਕੇਂਦਰ ਸਰਕਾਰ ਦੀ ਨਿੰਦਿਆ ਕਰਦਿਆਂ ਹੋਇਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਸਕੀਮ ਨੂੰ ਚਾਲੂ ਹੋਇਆਂ 50 ਸਾਲ ਬੀਤ ਗਏ ਹਨ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਿਰਫ ਨਿਗੂਣਾ ਜਿਹਾ ਮਾਣ ਭੱਤਾ ਦੇ ਕੇ ਹੀ ਢੰਗ ਸਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੱਕਿਆਂ ਕਰੇ, ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ। ਆਂਗਣਵਾੜੀ ਸਕੀਮ ਨੂੰ ਪੰਜਾਹ ਸਾਲ ਪੂਰੇ ਹੋਣ ਦੇ ਸਬੰਧ ਵਿੱਚ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਗਿਆ। 02 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਸਾਰੇ ਸੰਸਦਾ ਦੇ ਦਫ਼ਤਰਾਂ ਤੇ ਘਰਾਂ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਦੇ ਨਾਮ ’ਤੇ ਮੰਗ ਪੱਤਰ ਦਿੱਤੇ ਜਾਣਗੇ 14 ਨਵੰਬਰ ਨੂੰ ਦਿੱਲੀ ਦੇ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ   ਕੀਤਾ ਜਾਵੇਗਾ। ਮੀਟਿੰਗ ’ਚ ਜਨਰਲ ਸਕੱਤਰ ਸਤਵੰਤ ਕੌਰ ਭੋਗਪੁਰ,ਸੁਨਿਰਮਲ ਕੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਰਬਜੀਤ ਕੌਰ ਜਨਰਲ ਸਕੱਤਰ ਹੁਸ਼ਿਆਰਪੁਰ, ਜਸਵਿੰਦਰ ਕੌਰ ਪੱਟੀ ਸੀਨੀਅਰ ਮੀਤ ਪ੍ਰਧਾਨ ਪੰਜਾਬ , ਮਨਜੀਤ ਕੌਰ ਸਿੱਧਵਾਂ ਬੇਟ ,ਰਣਜੀਤ ਕੌਰ ਨੂਰ ਮਹਿਲ, ਸਤਿੰਦਰ ਕੌਰ ਮਰਾਜਪੁਰ, , ਹਰਬੰਸ ਕੌਰ ਮੋਰਿੰਡਾ, ਮਨਜੀਤ ਬਰਿਆਲੀ ਜ਼ਿਲ੍ਾ ਪ੍ਰਧਾਨ ਮੁਹਾਲੀ, ਹਰਦੀਪ ਕੌਰ ਸਹੋੜਾ, ਮਨਜੀਤ ਕੌਰ ਡੱਡੂਮਾਜਰਾ, ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ, ਮੀਨਾ ਕੁਮਾਰੀ ਦਰਵੇਸ਼ ਪਿੰਡ,  ਬੇਅੰਤ ਕੌਰ ਪੱਟੀ, ਜੀਵਨ ਮੱਖੂ, ਗੁਰਮੀਤ ਕੌਰ ਵਲੋਟਹਾ, ਕੁਲਵਿੰਦਰ ਕੌਰ ਜੀਰਾ, ਗੁਰਮੀਤ ਕੌਰ ਘੱਲ ਖੁਰਦ, ਗੁਰਮੀਤ ਕੌਰ ਕੁੱਲਗੜ੍ਹੀ, ਜਸਕਮਲ ਕੌਰ ਫਿਲੌਰ, ਸੁਖਵਰਸ਼ਾ ਰਾਣੀ ਭੁੰਗਾ, ਕੁਲਵੰਤ ਕੌਰ ਸੜੋਆ,ਸ਼ੀਲਾ ਦੇਵੀ ਭੁੰਗਾ, ਸੁਖਵਿੰਦਰ ਕੌਰ ਚੁਗਾਵਾਂ, ਪਰਮਜੀਤ ਕੌਰ ਰਈਆ ਆਦਿ ਆਗੂ ਹਾਜ਼ਰ ਸਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।