ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ਼ ਵੱਲੋਂ ਹੜ੍ਹ ਰਾਹਤ ਕਾਰਜਾਂ ਵਿੱਚ 31.53 ਲੱਖ ਰੁਪਏ ਦਾ ਯੋਗਦਾਨ

ਪੰਜਾਬ

⁠ਅਧਿਆਪਕਾਂ ਦੇ ਵਫ਼ਦ ਨੇ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਲਈ ਸਿੱਖਿਆ ਮੰਤਰੀ ਬੈਂਸ ਨੂੰ ਚੈੱਕ ਸੌਂਪਿਆ

ਇਹ ਨੇਕ ਕਾਰਜ ਅਧਿਆਪਕਾਂ ਦੀ ਕਲਾਸਰੂਮ ਤੋਂ ਬਾਹਰ ਸਮਾਜ ਤੇ ਮਾਨਵਤਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 15 ਸਤੰਬਰ, ਦੇਸ਼ ਕਲਿੱਕ ਬਿਓਰੋ :

ਮਾਨਵਤਾ ਦੀ ਸੇਵਾ ਲਈ ਏਕਤਾ ਅਤੇ ਹਮਦਰਦੀ ਵਾਲੇ ਨੇਕ ਕਾਰਜ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਟਾਫ਼ ਨੇ ਸਮੂਹਿਕ ਤੌਰ ‘ਤੇ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ 31,53,000 ਰੁਪਏ ਦਾ ਯੋਗਦਾਨ ਪਾਇਆ ਹੈ, ਜਿਸ ਨਾਲ ਸੂਬੇ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਨੂੰ ਮਜ਼ਬੂਤੀ ਮਿਲੇਗੀ।

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ ਅੱਜ ਨੰਗਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਵਫ਼ਦ ਦੁਆਰਾ ਇਹ ਸਮੂਹਿਕ ਯੋਗਦਾਨ ਰਸਮੀ ਤੌਰ ‘ਤੇ ਭੇਟ ਕੀਤਾ ਗਿਆ। ਅਧਿਆਪਕਾਂ ਦੇ ਇਸ ਵਫ਼ਦ ਵਿੱਚ ਡਿਪਟੀ ਡੀਈਓ ਸ੍ਰੀ ਅਮਨਦੀਪ ਸਿੰਘ, ਸਟੇਟ ਸਪੋਰਟਸ ਕਮੇਟੀ ਮੈਂਬਰ ਸ੍ਰੀ ਅਜੀਤ ਪਾਲ ਅਤੇ ਫਿਜ਼ਿਕਸ ਦੇ ਲੈਕਚਰਾਰ ਸ੍ਰੀ ਦਿਨੇਸ਼ ਮੋਦੀ ਸ਼ਾਮਲ ਸਨ।

ਸ. ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ, “ਸਾਡੇ ਅਧਿਆਪਕਾਂ ਵੱਲੋਂ ਪਾਇਆ ਇਹ ਵਿਸ਼ੇਸ਼ ਯੋਗਦਾਨ ਸਮਾਜ ਪ੍ਰਤੀ ਉਨ੍ਹਾਂ ਦੀ ਸੰਵੇਦਨਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੂਬੇ ਦੇ ਰਾਹਤ ਕਾਰਜਾਂ ਵਿੱਚ ਯੋਗਦਾਨ ਪਾ ਕੇ ਅਧਿਆਪਕਾਂ ਨੇ ਦਿਖਾਇਆ ਹੈ ਕਿ ਕਲਾਸਰੂਮ ਤੋਂ ਬਾਹਰ ਵੀ ਉਹ ਸਮਾਜ ਪ੍ਰਤੀ ਸਮਰਪਿਤ ਹਨ ਅਤੇ ਇਹ ਏਕਤਾ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਪੁਨਰਵਾਸ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਵੇਗੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਨੇਕ ਕਾਰਜ ਅਧਿਆਪਕਾਂ ਨੂੰ ਸਮਾਜ ਦੇ ਥੰਮ੍ਹ ਵਜੋਂ ਉਭਾਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।