ਚਾਹਵਾਨ ਵਿਅਕਤੀ 23, 24 ਅਤੇ 25 ਸਤੰਬਰ 2025 ਨੂੰ ਆਪਣੀਆਂ ਦਰਖਾਸਤਾਂ ਸੇਵਾ ਕੇਂਦਰਾਂ ਵਿਖੇ ਦੇਣ
ਮੋਹਾਲੀ, 16 ਸਤੰਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਤੇ ਡਾਇਰੈਕਟਰ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ, ਚੰਡੀਗੜ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਵਾਲੀ/ਗੁਰਪੁਰਬ ਦੇ ਮੌਕੇ ਤੇ ਪਟਾਖਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਉਣ ਲਈ, ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਣ ਦੀ ਮਿਤੀ 09 ਅਕਤੂਬਰ ਨੂੰ ਦੁਪਹਿਰ 12 ਵਜੇ ਨਿਰਧਾਰਤ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਕੇਵਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚਾਹਵਾਨ ਵਿਅਕਤੀ ਪੰਜਾਬ ਸਰਕਾਰ ਦੀ ਵੈੱਬਸਾਈਟ https://punjab.gov.in/forms/ ਤੋਂ ਐਪਲੀਕੇਸ਼ਨ ਫਾਰਮ ਜੋ ਕਿ “ਟੈਂਪਰੇਰੀ ਲਾਇਸੰਸ ਫਾਰ ਸੇਲ ਆਫ ਫਾਇਰਕਰੈਕਰਸ” ਤਹਿਤ ਅਪਲੋਡ ਹੈ, ਨੂੰ ਡਾਊਨਲੋਡ ਕਰਕੇ ਮਿਤੀ 23, 24 ਅਤੇ 25 ਸਤੰਬਰ 2025 ਤੱਕ, ਸ਼ਾਮ 5.00 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀਆਂ ਦਰਖਾਸਤਾਂ, ਰਿਹਾਇਸ਼ ਦੇ ਘੱਟੋ-ਘੱਟ ਦੋ ਸਬੂਤਾਂ ਸਮੇਤ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿਖੇ ਪੇਸ਼ ਕਰ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਦਰਖਾਸਤਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇੱਕ ਵਿਅਕਤੀ ਇੱਕ ਹੀ ਦਰਖਾਸਤ ਪੇਸ਼ ਕਰ ਸਕਦਾ ਹੈ। ਇੱਕ ਤੋਂ ਵੱਧ ਦਰਖਾਸਤ ਮੰਨਣ ਯੋਗ ਨਹੀਂ ਹੋਵਗੀ।