ਮੋਹਾਲੀ, 16 ਸਤੰਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ੍ਰੀਮਤੀ ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ, ਪੰਜਾਬ ਦੇ ਹੜ੍ਹ ਪੀੜ੍ਹਤਾਂ ਨਾਲ ਮਾਨਵੀ ਸਰੋਕਾਰ ਦਿਖਾਉਂਦੇ ਹੋਏ ਰਾਜ ਵਿੱਚ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ ਸਮੇਂ-ਸਮੇਂ ਤੇ ਭੇਜੀ ਗਈ ਰਾਹਤ ਵਿੱਚ 29 ਅਗਸਤ ਨੂੰ 300 ਪੌਸ਼ਟਿਕ ਫੂਡ ਕਿੱਟਾ, ਲੱਸੀ, ਪਿੰਨੀਆਂ, ਪਾਣੀ ਦੀਆਂ ਬੋਤਲਾਂ, ਭੁੱਜੇ ਛੋਲੇ ਆਦਿ ਜ਼ਿਲ੍ਹਾ ਤਰਨਤਾਰਨ ਵਿਖੇ ਭੇਜੇ ਗਏ। ਇਸੇ ਤਰ੍ਹਾਂ 3 ਸਤੰਬਰ ਨੂੰ ਡਰਾਈ ਰਾਸ਼ਨ ਕਿੱਟਾਂ, ਦਵਾਈਆਂ, ਸੈਨੇਟਰੀ ਪੈਡਜ਼, ਬੱਚਿਆਂ ਦੇ ਡਾਇਪਰ, ਬਿਸਕੁਟ, ਰਸ, ਤਰਪਾਲਾਂ, ਕੱਪੜੇ ਆਦਿ ਜ਼ਿਲ੍ਹਾ ਅੰਮ੍ਰਿਤਸਰ (ਲੋਪੋਕੇ) ਵਿਖੇ ਭੇਜੀਆਂ ਗਈਆਂ। ਜ਼ਿਲ੍ਹਾ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ 3 ਸਤੰਬਰ ਨੂੰ 199 ਤਰਪਾਲਾਂ ਭੇਜੀਆਂ ਗਈਆਂ। ਇਸ ਤੋਂ ਇਲਾਵਾ 4 ਸਤੰਬਰ ਨੂੰ ਸਬ-ਡਵੀਜ਼ਨ ਡੇਰਾਬੱਸੀ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵਲੋਂ 140 ਡਰਾਈ ਰਾਸ਼ਨ ਦੀਆਂ ਕਿੱਟਾ ਭੇਜੀਆਂ ਗਈਆਂ ਜਦਕਿ 5 ਸਤੰਬਰ ਨੂੰ 1000 ਡਰਾਈ ਰਾਸ਼ਨ ਕਿੱਟਾ ਸਬ-ਡਵੀਜ਼ਨ ਡੇਰਾਬੱਸੀ ਵਿੱਚ ਵੰਡਣ ਲਈ ਉਪਮੰਡਲ ਮੈਜਿਸਟ੍ਰੇਟ, ਡੇਰਾਬੱਸੀ ਨੂੰ ਭੇਜੀਆਂ ਗਈਆਂ।
ਉਨ੍ਹਾਂ ਅੱਗੇ ਦੱਸਿਆ ਕਿ 9 ਸਤੰਬਰ ਨੂੰ ਰੈੱਡ ਕਰਾਸ ਸ਼ਾਖਾ ਵੱਲੋਂ 100 ਗੱਦੇ, 50 ਪੇਟੀ ਪਾਣੀ, 10 ਮੱਛਰਦਾਨੀਆਂ, 66 ਤਰਪਾਲਾਂ, 2 ਪੇਟੀਆਂ ਦਵਾਈਆਂ, 9 ਪੇਟੀਆਂ ਸੈਨੇਟਰੀ ਪੈਡ ਅਤੇ ਬੱਚਿਆਂ ਦੇ ਡਾਇਪਰ, ਬਿਸਕੁਟ, ਰਸ, ਟੁੱਥਪੇਸਟ, ਟੁੱਥਬੁਰਸ਼, ਮਰਦ, ਔਰਤਾਂ ਤੇ ਬੱਚਿਆਂ ਲਈ ਕੱਪੜੇ, ਬੂਟ, ਚੱਪਲਾਂ ਆਦਿ ਜ਼ਿਲ੍ਹਾ ਫ਼ਿਰੋਜ਼ਪੁਰ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਵਾਸਤੇ ਭੇਜੀਆਂ ਗਈਆਂ। ਇਸੇ ਦੌਰਾਨ 15 ਸਤੰਬਰ ਨੂੰ ਰੈੱਡ ਕਰਾਸ ਸ਼ਾਖਾ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ (ਅਜਨਾਲਾ) ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ 105 ਗੱਦੇ, 88 ਪੇਟੀਆਂ ਪਾਣੀ, 17 ਮੱਛਰਦਾਨੀਆਂ, 20 ਪੇਟੀਆਂ ਦਵਾਈਆਂ, 20 ਪੇਟੀਆਂ ਸੈਨੇਟਰੀ ਪੈਡ ਤੇ ਬੱਚਿਆ ਦੇ ਡਾਇਪਰ, 22 ਪੇਟੀਆਂ ਬਿਸਕੁਟ ਤੇ ਰਸ, 40 ਰਾਸ਼ਨ ਦੀ ਕਿੱਟਾਂ ਦੇ ਨਾਲ-ਨਾਲ 110 ਕਿੱਲੋ ਚੀਨੀ, 500 ਕਿੱਲੋ ਚਾਵਲ, 60 ਪੈਕਟ ਨਮਕ, 3 ਪੇਟੀਆਂ ਸਰੋਂ ਦਾ ਤੇਲ, 2 ਪੇਟੀਆਂ ਮਸਾਲੇ, ਟੁੱਥਪੇਸਟ, ਟੁੱਥਬੁਰਸ਼, ਮਰਦ, ਔਰਤਾਂ ਤੇ ਬੱਚਿਆਂ ਲਈ ਕੱਪੜੇ, ਬੂਟ, ਚੱਪਲਾਂ ਆਦਿ ਭੇਜੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭੀ ਇਸ ਮੁਹਿੰਮ ਵਿੱਚ ਦਾਨੀ ਸੱਜਣ ਅਤੇ ਸੰਸਥਾਵਾਂ ਦਾ ਯੋਗਦਾਨ ਵੀ ਬਹੁਤ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਨੇ ਇਸ ਪਵਿੱਤਰ ਕਾਜ਼ ਵਿੱਚ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਹਰਬੰਸ ਸਿੰਘ ਤੇ ਸਮੁੱਚੀ ਰੈੱਡ ਕਰਾਸ ਸ਼ਾਖਾ ਟੀਮ ਵੱਲੋਂ ਕੀਤੀ ਜਾ ਰਹੀ ਪਹਿਲਕਦਮੀ ਲਈ, ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿਲ੍ਹਾ ਵਾਸੀ ਇਸ ਹੜ੍ਹ ਰਾਹਤ ਸਮੱਗਰੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਕਮਰਾ ਨੰਬਰ 525, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਸੈਕਟਰ 76, ਮੋਹਾਲੀ ਵਿਖੇ ਸੰਪਰਕ ਕਰ ਸਕਦਾ ਹੈ।
