ਲੁਧਿਆਣਾ, 17 ਸਤੰਬਰ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਤੋਂ ਆਈ ਇਕ ਐਨ ਆਰ ਆਈ ਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿੱਚ ਕਤਲ ਕਰਕੇ ਲਾਸ਼ ਸਾੜਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਸੀਐਟਲ ਸ਼ਹਿਰ ਤੋਂ 72 ਸਾਲਾ ਐਨ ਆਰ ਆਈ ਔਰਤ ਆਈ ਸੀ , ਜਿਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਮੁੱਖ ਮੁਲਜ਼ਮ ਇਸੇ ਪਿੰਡ ਦਾ ਰਹਿਣ ਵਾਲਾ ਐਨ ਆਰ ਆਈ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਜਦੋ ਇੰਗਲੈਂਡ ਵਿੱਚ ਰਹਿੰਦਾ ਹੈ।
ਕਤਲ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਦੀ ਪਹਿਚਾਣ ਸੁਖਜੀਤ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਵਜੋਂ ਹੋਈ ਹੈ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆਂ ਕਿ ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਦੇ ਕਤਲ ਕਰਨ ਲਈ ਉਸ ਨੂੰ 50 ਲੱਖ ਨਗਦ ਅਦਾ ਕੀਤੇ ਗਏ ਸਨ। ਮ੍ਰਿਤਕਾ ਦੀ ਭੈਣ ਕਮਲ ਕੌਰ ਖਹਿਰਾ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਰੁਪਿੰਦਰ ਕੌਰ ਦੀ ਲਾਸ਼ ਬਰਾਮਦ ਕਰਵਾਈ ਜਾਵੇ। ਕਮਲ ਕੌਰ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਤੇ ਉਸ ਨੂੰ ਕਿਲ੍ਹਾ ਰਾਏਪੁਰ ਪਹੁੰਚਣ ਲਈ ਕਿਹਾ ਸੀ। ਐੱਸ.ਐੱਚ.ਓ. ਸੁਖਵਿੰਦਰ ਸਿੰਘ ਵਲੋਂ ਉੱਚ ਅਧਿਕਾਰੀਆਂ ਅੱਗੇ ਪੇਸ਼ ਕੀਤੀ ਰੀਪੋਰਟ ਤੋਂ ਪਤਾ ਚਲਿਆ ਹੈ ਕਿ ਸੋਨੂੰ ਨੇ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ’ਤੇ ਉਕਤ ਕਤਲ ਕੀਤਾ ਸੀ ਅਤੇ ਲਾਸ਼ ਸਟੋਰ ਅੰਦਰ ਹੀ ਸਾੜ ਦਿਤੀ ਸੀ।