ਕਿਹਾ, ਸੜ੍ਹਕਾਂ ਦੀ ਮਾੜੀ ਗੁਣਵੱਤਾ ‘ਤੇ ਹੋਵੇਗੀ ਕਾਰਵਾਈ
ਮੋਹਾਲੀ,18 ਸਤੰਬਰ: ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਸ਼ਹਿਰ ਦੀਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਮੌਜੂਦਾ ਹਾਲਤ ਦੇ ਨਾਲ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਏ ਜਾਣ ਦੇ ਲਈ ਸ਼ਹਿਰ ਦਾ ਦੌਰਾ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਨੇ ਚਿੰਤਾ ਪ੍ਰਗਟਾਈ ਕਿ ਗਮਾਡਾ ਕੋਲ ਵਿੱਤੀ ਸੋਮੇ ਹੋਣ ਦੇ ਬਾਵਜੂਦ, ਆਮ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਸਹੀ ਢੰਗ ਨਾਲ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤਾਂ ਦੇ ਰੂਬਰੂ ਹੋਣ ਅਤੇ ਸਰਕਾਰ ਦੀ ਵਚਨਬੱਧਤਾ ਮੁਤਾਬਕ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸ਼ਹਿਰ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਨਗਰ ਨਿਗਮ ਅਧਿਕਾਰੀਆਂ ਨੂੰ ਸੀ.ਪੀ. 67 ਮਾਲ ਦੇ ਸਾਹਮਣੇ ਸੈਕਟਰ- 79-68 ਦੇ ਚੌਕ ‘ਤੇ ਜਾ ਕੇ ਸੜਕ ਦੀ ਹਾਲਤ ਦਿਖਾਈ। ਉਹਨਾਂ ਨੇ ਕਿਹਾ ਕਿ ਇਹ ਸੜਕ 10-12 ਸਾਲ ਪਹਿਲਾਂ ਬਣੀ ਸੀ, ਜੋ ਕਿ ਅੱਜ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਅਤੇ ਗੁਣਵੱਤਾ ਨਾਲ ਵੱਡਾ ਸਮਝੌਤਾ ਹੈ। ਵਿਧਾਇਕ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਹਾਦਸਾ ਜਾਂ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਸਬੰਧਤ ਜੇ.ਈ, ਐਸ.ਡੀ.ਓ, ਐਕਸੀਅਨ ਅਤੇ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ ਅਤੇ ਜਲਦੀ ਹੀ ਇਸ ਮੁੱਦੇ ਨੂੰ ਵਿਧਾਨਸਭਾ ‘ਚ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਸੀਵਰੇਜ ਸਮੱਸਿਆਵਾਂ ਦਾ ਹੱਲ ਕਰਨਾ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਫੀਲਡ ਵਿੱਚ ਜਾ ਕੇ ਜ਼ਮੀਨੀ ਮੁਸ਼ਕਿਲਾਂ ਜਾਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਵਾਜਾਈ ਸਮੱਸਿਆ ਦੇ ਹੱਲ ਅਤੇ ਹਾਦਸਿਆਂ ਤੋਂ ਬਚਾਅ ਲਈ ਹੋਰ ਨਵੇਂ ਚੌਂਕ ਵੀ ਬਣਾਏ ਜਾਣ ਦੀ ਲੋੜ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਨਗਰ ਨਿਗਮ ਤੇ ਗਮਾਡਾ ਨੂੰ ਆਪਸੀ ਤਾਲਮੇਲ ਚ ਕੰਮ ਕਰਨ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਨਾਲ ਜੁੜਿਆ ਮੁਸ਼ਕਿਲਾਂ ਘੱਟ ਹੋ ਸਕਣ। ਇਸ ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ ਵੀ ਹਾਜ਼ਰ ਸਨ।