ਚੰਡੀਗੜ੍ਹ, 20 ਸਤੰਬਰ, ਦੇਸ਼ ਕਲਿਕ ਬਿਊਰੋ :
ਗੁਰਦੁਆਰਾ ਸਾਹਿਬ ਦੀ ਛੱਤ ਤੋਂ ਇੱਕ ਬਜ਼ੁਰਗ ਵਿਅਕਤੀ ਦੁਆਰਾ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-38 ਦੇ ਰਹਿਣ ਵਾਲੇ ਸੂਰਜ ਪ੍ਰਕਾਸ਼ ਸਾਲ 2016 ਵਿੱਚ ਫਾਰਮਾਸਿਸਟ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਪੁਲਿਸ ਅਨੁਸਾਰ 68 ਸਾਲਾ ਸੂਰਜ ਪ੍ਰਕਾਸ਼ ਸੈਕਟਰ-19 ਸਥਿਤ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਉਸਦੇ ਪਿੱਛੇ ਵਾਲੇ ਕਮਰੇ ਦੀ ਛੱਤ ‘ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਸਥਾਨਕ ਲੋਕਾਂ ਨੇ ਸ਼ੁੱਕਰਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਉਸਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਬਜ਼ੁਰਗ ਦੀ ਕਾਰ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਸੂਰਜ ਪ੍ਰਕਾਸ਼ ਨੇ ਚਿੱਠੀ ਵਿੱਚ ਆਪਣੀ ਸਾਰੀ ਜਾਇਦਾਦ ਆਪਣੇ ਬੱਚਿਆਂ ਵਿੱਚ ਬਰਾਬਰ ਵੰਡਣ ਲਈ ਲਿਖਿਆ ਹੈ।
