2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 2.47 ਲੱਖ ਮਰੀਜ਼ਾਂ ਦਾ ਕੀਤਾ ਇਲਾਜ, ਮਲੇਰੀਆ ਦੇ ਸਿਰਫ਼ 5 ਕੇਸ ਆਏ ਸਾਹਮਣੇ

ਪੰਜਾਬ

20 ਹਜ਼ਾਰ ਆਸ਼ਾ ਵਰਕਰਾਂ ਨੇ 7 ਲੱਖ ਤੋਂ ਵੱਧ ਘਰਾਂ ਵਿੱਚ ਜਾ ਕੇ ਕੀਤੀ ਜਾਂਚ, 2.27 ਲੱਖ ਜ਼ਰੂਰੀ ਸਿਹਤ ਕਿੱਟਾਂ ਵੰਡੀਆਂ

 ਹੜ੍ਹ ਪ੍ਰਭਾਵਿਤ ਖੇਤਰਾਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ ਤੁਰੰਤ ਇਲਾਜ : ਸਿਹਤ ਮੰਤਰੀ ਡਾ. ਬਲਬੀਰ ਸਿੰਘ

ਚੰਡੀਗੜ੍ਹ, 22 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਮਾਰਾ ਹੇਠ ਆਏ ਖੇਤਰਾਂ ਵਿੱਚ ਚਲਾਈ ਜਾ ਰਹੀ `ਵਿਸ਼ੇਸ਼ ਸਿਹਤ ਮੁਹਿੰਮ` ਦਾ ਪਹਿਲਾ ਹਫ਼ਤਾ ਪੂਰਾ ਹੋਣ ‘ਤੇ  ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ, ਜਿਸ ਤਹਿਤ ਮੈਡੀਕਲ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ  2303  ਪਿੰਡਾਂ ਵਿੱਚ ਸਿਹਤ ਕੈਂਪ ਲਗਾਏ ਗਏ ਅਤੇ 2,47,958 ਤੋਂ ਵੱਧ ਓਪੀਡੀ ਕੰਸਲਟੇਸ਼ਨਜ਼ ਕੀਤੀਆਂ ਗਈਆਂ । ਇਹ ਜਾਣਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਦਿੱਤੀ।

ਇਸ ਵੱਡੇ ਯਤਨ ਸਦਕਾ 31,717 ਬੁਖਾਰ ਦੇ ਕੇਸ, 7,832 ਦਸਤ ਦੇ ਕੇਸ, 36,119 ਚਮੜੀ ਦੀ ਲਾਗ  ਅਤੇ 16,884 ਅੱਖਾਂ ਦੀ ਲਾਗ ਸਬੰਧੀ ਬਿਮਾਰੀਆਂ ਦਾ ਤੁਰੰਤ ਇਲਾਜ ਸੰਭਵ ਹੋਇਆ ਹੈ ਤਾਂ ਜੋ ਕਿਸੇ ਵੱਡੇ ਪ੍ਰਕੋਪ ਨੂੰ ਰੋਕਿਆ ਜਾ ਸਕੇ।

ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 14 ਸਤੰਬਰ ਨੂੰ, 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ `ਵਿਸ਼ੇਸ਼ ਸਿਹਤ ਮੁਹਿੰਮ` ਦੀ ਅਗਵਾਈ ਕਰਨ ਲਈ ਸਾਰੇ ਉਪਲਬਧ ਸਰੋਤਾਂ- ਸਰਕਾਰੀ ਡਾਕਟਰਾਂ, ਨਵੇਂ ਭਰਤੀ ਕੀਤੇ ਮੈਡੀਕਲ ਅਫਸਰਾਂ, ਪ੍ਰਾਈਵੇਟ ਵਲੰਟੀਅਰਾਂ, ਆਯੁਰਵੇਦ ਮੈਡੀਕਲ ਅਫਸਰਾਂ ਅਤੇ ਐਮਬੀਬੀਐਸ ਇੰਟਰਨਜ਼ – ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ।

14 ਸਤੰਬਰ ਤੋਂ ਹੁਣ ਤੱਕ ਦੇ ਸੰਚਤ ਡੇਟਾ ਜਾਰੀ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਰੋਕਥਾਮ ਕਾਰਵਾਈ `ਤੇ ਰਣਨੀਤਕ ਧਿਆਨ ਦਿੱਤਾ ਗਿਆ ਸੀ ਜਿਸ ਕਰਕੇ ਅਹਿਮ ਨਤੀਜੇ ਸਾਹਮਣੇ ਆਏ ਹਨ, 20,000 ਤੋਂ ਵੱਧ ਆਸ਼ਾ ਵਰਕਰਾਂ ਦੁਆਰਾ 7 ਲੱਖ ਤੋਂ ਵੱਧ ਘਰਾਂ ਵਿੱਚ ਜਾ ਕੇ ਜਾਂਚ ਕੀਤੀ ਤੇ ਇਸ ਦੌਰਾਨ ਸਿਰਫ ਪੰਜ ਮਲੇਰੀਆ ਦੇ ਕੇਸ ਹੀ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਇਸ ਦੌਰਾਨ  2.27 ਲੱਖ ਜ਼ਰੂਰੀ ਸਿਹਤ ਕਿੱਟਾਂ  ਵੀ ਵੰਡੀਆਂ ਗਈਆਂ ਹਨ।

ਡਾ. ਬਲਬੀਰ ਸਿੰਘ ਨੇ ਕਿਹਾ  ਕਿ ਇਹ ਅੰਕੜੇ ਸਿਹਤ ਸੰਕਟ  ਦੀ ਸਫਲ ਰੋਕਥਾਮ ਨੂੰ ਦਰਸਾਉਂਦੇ ਹਨ। ਜਿੱਥੇ ਵੱਡੇ ਪ੍ਰਕੋਪ ਦੀ ਉਮੀਦ ਕੀਤੀ ਗਈ ਸੀ, ਸਾਡੀ ਪਹਿਲਾਂ ਤੋਂ ਰੋਕਥਾਮ ਰਣਨੀਤੀ ਨੇ ਸਾਡੇ ਲੋਕਾਂ ਦੇ ਆਲੇ ਦੁਆਲੇ ਇੱਕ ਮਜ਼ਬੂਤ ਸਿਹਤ ਢਾਲ ਬਣਾਈ ਹੈ। ਮਲੇਰੀਆ ਦੇ ਨਾ ਬਰਾਬਰ ਮਾਮਲਿਆਂ ਦਾ ਸਾਹਮਣੇ ਆਉਣਾ ਅਤੇ ਹੋਰ ਬਿਮਾਰੀਆਂ ਦਾ ਸੁਚੱਜਾ ਪ੍ਰਬੰਧਨ ਦਰਸਾਉਂਦਾ ਹੈ ਕਿ ਸਾਡੀ ਤਿੰਨ-ਪੱਖੀ ਪਹੁੰਚ ਜ਼ਮੀਨੀ ਪੱਧਰ `ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ।”

ਇਸੇ ਤਰ੍ਹਾਂ, ਤੀਬਰ ਵੈਕਟਰ-ਕੰਟਰੋਲ ਮੁਹਿੰਮਾਂ ਤਹਿ਼ਤ 6.22 ਲੱਖ ਘਰਾਂ ਨੂੰ ਮੱਛਰਾਂ ਦੇ ਪ੍ਰਜਨਨ ਸਬੰਧੀ ਪਤਾ ਲਗਾਉਣ ਲਈ ਕਵਰ ਕੀਤਾ ਗਿਆ ਹੈ, 11,582 ਘਰਾਂ ਵਿੱਚ ਪ੍ਰਜਨਨ ਸਥਾਨਾਂ ਨੂੰ ਲੱਭ ਕੇ ਨਸ਼ਟ ਕੀਤਾ ਗਿਆ ਹੈ। ਇੱਕ ਮਹੱਤਵਪੂਰਨ ਰੋਕਥਾਮ ਉਪਾਅ ਵਜੋਂ, 1.43 ਲੱਖ ਘਰਾਂ `ਤੇ ਪ੍ਰੀਐਂਪਟਿਵ ਲਾਰਵੀਸਾਈਡ ਦਾ ਛਿੜਕਾਅ ਕੀਤਾ ਗਿਆ ਸੀ ਅਤੇ ਬਿਮਾਰੀ ਦੇ ਸੰਚਾਰ ਚੱਕਰ ਨੂੰ ਤੋੜਨ ਲਈ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਆਪਕ ਫਿਊਮੀਗੇਸ਼ਨ ਕੀਤੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।