ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਕਾਰਵਾਈਆਂ ਨੂੰ ਰੋਕਣ ਲਈ ਜਲਦ ਕੀਤੀ ਜਾਵੇਗੀ ਮਾਹਿਰਾਂ ਨਾਲ ਮੀਟਿੰਗ
ਅੰਮ੍ਰਿਤਸਰ, 23 ਸਤੰਬਰ-ਦੇਸ਼ ਕਲਿੱਕ ਬਿਓਰੋ
ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗ਼ਲਤ ਵੀਡੀਓ ਬਣਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਅਜਿਹੇ ਵਰਤਾਰੇ ’ਤੇ ਸਰਕਾਰਾਂ ਤੋਂ ਤੁਰੰਤ ਰੋਕ ਦੀ ਮੰਗ ਕੀਤੀ ਹੈ। ਦਫ਼ਤਰ ਤੋਂ ਜਾਰੀ ਬਿਆਨ ’ਚ ਐਡਵੋਕੇਟ ਧਾਮੀ ਨੇ ਕਿਹਾ ਕਿ ਏਆਈ ਤਕਨੀਕ ਨਾਲ ਤਿਆਰ ਅਜਿਹੀਆਂ ਵੀਡੀਓ ਨਾ ਸਿਰਫ਼ ਸਿੱਖੀ ਦੇ ਮੁੱਢਲੇ ਸਿਧਾਂਤਾਂ ਦਾ ਉਲੰਘਣ ਹੈ, ਸਗੋਂ ਵਿਸ਼ਵ ਪੱਧਰੀ ਧਾਰਮਿਕ ਸੰਵੇਦਨਸ਼ੀਲਤਾ ਨੂੰ ਵੀ ਠੇਸ ਪਹੁੰਚਾਉਣ ਵਾਲੀ ਹਰਕਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ, ਜਿਥੋਂ ਸਮੁੱਚੀ ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ ਪ੍ਰੰਤੂ ਕੁਝ ਲੋਕਾਂ ਦੀ ਗਲਤ ਪਹੁੰਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਏਆਈ ਤਕਨੀਕ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਸਾਈਬਰ ਕਰਾਈਮ ਸੈੱਲ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮਾਮਲਿਆਂ ’ਤੇ ਰੋਕ ਲਗਾਉਣ ਲਈ ਠੋਸ ਯਤਨ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਏਆਈ ਪਲੇਟਫਾਰਮਾਂ ’ਤੇ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਗਲਤ ਜਾਣਕਾਰੀ ਦੇਣ ਦੇ ਮਾਮਲਿਆਂ ਨੂੰ ਲੈ ਕੇ ਜਿਥੇ ਵੱਖ-ਵੱਖ ਪਲੇਟਫਾਰਮਾਂ ਤੱਕ ਪਹੁੰਚ ਕਰ ਚੁੱਕੀ ਹੈ ਅਤੇ ਬਹੁਤ ਸਾਰੀਆਂ ਵੀਡੀਓ ਰਿਪੋਰਟ ਕਰਕੇ ਹਟਾਈਆਂ ਵੀ ਗਈਆਂ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ। ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਅਜਿਹੀਆਂ ਕਾਰਵਾਈਆਂ ’ਤੇ ਰੋਕ ਲਈ ਇਸ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੇ ਸਹਿਯੋਗ ਲਈ ਸ਼੍ਰੋਮਣੀ ਕਮੇਟੀ ਜਲਦ ਮੀਟਿੰਗ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਸੰਜੀਦਾ ਮਸਲੇ ਸਬੰਧੀ ਗੰਭੀਰਤਾ ਦਿਖਾਉਂਦਿਆਂ ਜ਼ਰੂਰੀ ਕਦਮ ਚੁੱਕਣ ਅਤੇ ਠੋਸ ਨੀਤੀ ਬਣਾ ਕੇ ਇਸ ਚਲਣ ਨੂੰ ਰੋਕਿਆ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਚਿੰਤਾ ਪ੍ਰਗਟਾਈ ਕਿ ਕੁਝ ਲੋਕਾਂ ਵੱਲੋਂ ਇਹ ਦੱਸਣ ਵਾਸਤੇ ਕਿ ਇਹ ਗਲਤ ਹੋ ਰਿਹਾ ਹੈ, ਅਜਿਹੀਆਂ ਵੀਡੀਓ ਨੂੰ ਆਪਣੇ ਪੇਜਾਂ ’ਤੇ ਪਾ ਕੇ ਪ੍ਰਚਾਰਿਆ ਜਾ ਰਿਹਾ ਹੈ, ਜੋ ਹੋਰ ਵੀ ਦੁਖਦਾਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਵੀਡੀਓ ਨੂੰ ਪ੍ਰਚਾਰਨ ਦੀ ਥਾਂ ਇਸ ’ਤੇ ਰੋਕ ਲਗਾਉਣ ਲਈ ਰਿਪੋਰਟ ਕੀਤੀ ਜਾਵੇ।