ਸਮੂਹ ਪਰਿਵਾਰਾਂ ਦੇ ਸੁਰੱਖਿਅਤ ਘਰ ਪਰਤਣ ਉਪਰੰਤ ਸਾਰੇ ਰਾਹਤ ਕੈਂਪ ਬੰਦ ਹੋਏ : ਹਰਦੀਪ ਸਿੰਘ ਮੁੰਡੀਆਂ

ਪੰਜਾਬ

ਚੰਡੀਗੜ੍ਹ, 23 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇਥੇ ਦੱਸਿਆ ਕਿ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਸਥਿਰ ਹੋਣ ਦੇ ਨਾਲ ਸਾਰੇ ਰਾਹਤ ਕੈਂਪ ਹੁਣ ਬੰਦ ਕਰ ਦਿੱਤੇ ਗਏ ਹਨ ਕਿਉਂ ਜੋ ਇਨ੍ਹਾਂ ਕੈਂਪਾਂ ਵਿੱਚ ਰਹਿੰਦੇ ਸਾਰੇ ਪ੍ਰਭਾਵਿਤ ਵਿਅਕਤੀ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਦੀ ਸਪਲਾਈ ਨਿਰੰਤਰ ਜਾਰੀ ਰਹੇਗੀ।

ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹੜ੍ਹਾਂ ਦੇ ਸਿਖਰ ਦੌਰਾਨ ਕੁੱਲ 219 ਰਾਹਤ ਕੈਂਪ ਖੋਲ੍ਹੇ ਗਏ ਸਨ, ਜਿਨ੍ਹਾਂ ਵਿੱਚ ਸਮੇਂ-ਸਮੇਂ ‘ਤੇ 8,270 ਪ੍ਰਭਾਵਿਤ ਲੋਕਾਂ ਨੇ ਬਸੇਰਾ ਕੀਤਾ। ਉਨ੍ਹਾਂ ਦੱਸਿਆ ਕਿ ਹਾਲਾਤ ਵਿੱਚ ਸੁਧਾਰ ਦੇ ਨਾਲ ਕੈਂਪਾਂ ਦੀ ਗਿਣਤੀ ਘਟਦੀ ਰਹੀ ਸੀ। ਅੱਜ ਇੱਕ ਵੀ ਕੈਂਪ ਸਰਗਰਮ ਨਹੀਂ ਹੈ ਅਤੇ ਸਾਰੇ ਪ੍ਰਭਾਵਿਤ ਪਰਿਵਾਰ ਆਪਣੇ ਪਿੰਡਾਂ ਅਤੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।

ਹੜ੍ਹਾਂ ਦੌਰਾਨ ਵਿੱਢੇ ਗਏ ਰਾਹਤ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਸ. ਮੁੰਡੀਆਂ ਨੇ ਕਿਹਾ ਕਿ 1 ਅਗਸਤ ਤੋਂ ਹੁਣ ਤੱਕ ਤਕਰੀਬਨ 23,340 ਪ੍ਰਭਾਵਿਤ ਲੋਕਾਂ ਨੂੰ ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ‘ਚੋਂ ਸੁਰੱਖਿਅਤ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਕੈਂਪਾਂ ਵਿੱਚ ਆਰਜ਼ੀ ਠਹਿਰ, ਭੋਜਨ, ਦਵਾਈਆਂ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਹੜ੍ਹਾਂ ਤੋਂ ਬਾਅਦ ਮਲਬਾ ਹਟਾਉਣ, ਮਰੇ ਪਸ਼ੂਆਂ ਦੇ ਨਿਪਟਾਰੇ, ਸੀਵਰੇਜ ਦੀ ਸਫ਼ਾਈ ਅਤੇ ਨੁਕਸਾਨੀਆਂ ਜਨਤਕ ਸੰਪਤੀਆਂ ਦੀ ਮੁਰੰਮਤ ਸਮੇਤ ਵੱਖ-ਵੱਖ ਸੈਨੀਟੇਸ਼ਨ ਉਪਾਵਾਂ ਨੂੰ ਯਕੀਨੀ ਬਣਾਇਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ 22 ਜ਼ਿਲ੍ਹੇ ਅਤੇ 2,555 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ, ਜਿਸ ਨਾਲ 3,89,445 ਲੋਕ ਪ੍ਰਭਾਵਿਤ ਹੋਏ। ਦੱਸਣਯੋਗ ਹੈ ਕਿ ਹੜ੍ਹਾਂ ਕਰਕੇ 57 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਅਤੇ 4 ਵਿਅਕਤੀਆਂ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਇਸ ਦੇ ਨਾਲ ਹੀ 1,99,926.2 ਹੈਕਟੇਅਰ ਫ਼ਸਲੀ ਰਕਬੇ ਦਾ ਨੁਕਸਾਨ ਹੋਇਆ, ਜਦੋਂ ਕਿ ਬੁਨਿਆਦੀ ਢਾਂਚੇ ਅਤੇ ਪਸ਼ੂਆਂ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਕਾਰਜਾਂ ਲਈ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ, ਜਲ ਸੈਨਾ ਦੀਆਂ ਟੁਕੜੀਆਂ ਅਤੇ ਬੀ.ਐਸ.ਐਫ. ਟੀਮਾਂ ਨੂੰ ਕਿਸ਼ਤੀਆਂ ਅਤੇ ਮਨੁੱਖੀ ਬਲ ਨਾਲ ਸੇਵਾ ਵਿੱਚ ਲਾਇਆ ਗਿਆ ਸੀ। ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਪੀਣ ਵਾਲੇ ਪਾਣੀ, ਭੋਜਨ ਦੇ ਪੈਕੇਟ ਅਤੇ ਡਾਕਟਰੀ ਸਹਾਇਤਾ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਦੋਂ ਕਿ ਪਸ਼ੂਆਂ ਦੀ ਦੇਖ-ਰੇਖ ਲਈ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।