ਦੀਪਕ ਬਾਲੀ ਨੇ ਜੰਮੂ-ਕਸ਼ਮੀਰ ਦੇ ਮੁਖਮੰਤਰੀ ਓਮਰ ਅਬਦੁੱਲਾ ਨਾਲ ਕੀਤੀ ਮੁਲਾਕਾਤ, ਸ਼੍ਰੀਨਗਰ ਸਮਾਗਮਾਂ ਲਈ ਮੰਗਿਆ ਸਹਿਯੋਗ

ਪੰਜਾਬ

ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ

ਚੰਡੀਗੜ੍ਹ, 26 ਸਤੰਬਰ 2025, ਦੇਸ਼ ਕਲਿੱਕ ਬਿਓਰੋ :

ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅੱਜ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਹ ਮੁਲਾਕਾਤ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਤਹਿਤ ਸ਼੍ਰੀਨਗਰ ਵਿਖੇ ਇੱਕ ਨਗਰ ਕੀਰਤਨ ਕਰਵਾਉਣ ਦੇ ਸਬੰਧ ਵਿੱਚ ਸੀ।

ਇਸ ਮੌਕੇ ਦੀਪਕ ਬਾਲੀ ਨੇ ਮੁੱਖ ਮੰਤਰੀ ਓਮਰ ਅਬਦੁੱਲਾ ਨੂੰ ਇਨ੍ਹਾਂ ਇਤਿਹਾਸਕ ਅਤੇ ਪਵਿੱਤਰ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਜੰਮੂ-ਕਸ਼ਮੀਰ ਸਰਕਾਰ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਅਭਿਨਵ ਤ੍ਰਿਖਾ ਵੀ ਮੌਜੂਦ ਸਨ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੀਪਕ ਬਾਲੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਸੰਬੰਧ ਵਿੱਚ ਵਿਸਤ੍ਰਿਤ ਕਾਰਜਕ੍ਰਮ ਵੀ ਜਾਰੀ ਕੀਤਾ ਗਿਆ ਹੈ। ਸਮਾਗਮਾਂ ਦੀ ਲੜੀ ਵਿੱਚ, ਪਹਿਲਾ ਵਿਸ਼ਾਲ ਕੀਰਤਨ ਦਰਬਾਰ 25 ਅਕਤੂਬਰ ਨੂੰ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਕਰਵਾਇਆ ਜਾਵੇਗਾ। ਮੁੱਖ ਸਮਾਗਮਾਂ ਤੋਂ ਪਹਿਲਾਂ, 19 ਨਵੰਬਰ ਨੂੰ ਇੱਕ ਵਿਸ਼ੇਸ਼ ਨਗਰ ਕੀਰਤਨ ਯਾਤਰਾ ਸ਼੍ਰੀਨਗਰ ਤੋਂ ਆਰੰਭ ਹੋ ਕੇ ਪੰਜਾਬ ਵੱਲ ਚੱਲੇਗੀ, ਜੋ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ।

ਇਸ ਮੌਕੇ ‘ਤੇ, ਸ੍ਰੀਨਗਰ ਤੋਂ ਆਰੰਭ ਹੋਣ ਵਾਲੇ ਮੁੱਖ ਨਗਰ ਕੀਰਤਨ ਤੋਂ ਇਲਾਵਾ, ਤਿੰਨ ਹੋਰ ਨਗਰ ਕੀਰਤਨ 20 ਨਵੰਬਰ ਨੂੰ ਪੰਜਾਬ ਦੇ ਵੱਖ-ਵੱਖ ਇਤਿਹਾਸਕ ਸ਼ਹਿਰਾਂ ਤੋਂ ਚੱਲਣਗੇ। ਇਹ ਨਗਰ ਕੀਰਤਨ ਗੁਰਦਾਸਪੁਰ, ਫਰੀਦਕੋਟ ਅਤੇ ਤਲਵੰਡੀ ਸਾਬੋ ਤੋਂ ਸ਼ੁਰੂ ਹੋਣਗੇ ਅਤੇ ਇਹ ਸਾਰੇ ਵੀ 22 ਨਵੰਬਰ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਕੱਠੇ ਪਹੁੰਚਣਗੇ। ਸੂਬਾ ਸਰਕਾਰ ਵੱਲੋਂ ਮੁੱਖ ਸਮਾਗਮ 23, 24 ਅਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਨਗੀਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।