ਪੰਜਾਬ ਦੇ ਕਾਂਗਰਸੀ ਆਗੂ ਤੇ ਪੁੱਤ ਉਤੇ ਠੱਗੀ ਮਾਰਨ ਦਾ ਮਾਮਲਾ ਦਰਜ

ਪੰਜਾਬ

ਬਠਿੰਡਾ, 28 ਸਤੰਬਰ, ਦੇਸ਼ ਕਲਿੱਕ ਬਿਓਰੋ :
ਕਰਜ਼ਾ ਦਿਵਾਉਣ ਨੂੰ ਲੈ ਕੇ ਠੱਗੀ ਮਾਰਨ ਦੇ ਮਾਮਲੇ ਵਿੱਚ ਕਾਂਗਰਸ ਆਗੂ ਤੇ ਉਸ ਦੇ ਪੁੱਤਰ ਖਿਲਾਫ ਥਾਣਾ ਸਿਵਲ ਲਾਈਨ ਪੁਲਿਸ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਰਾਮ ਸਰੂਪ ਸਿੰਘ ਨਿਵਾਸੀ ਪਿੰਡ ਅਲੀਕਾ ਤਹਿਸੀਲ ਡਬਵਾਲੀ ਜ਼ਿਲ੍ਹਾ ਸਿਰਸਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦਾਅਵਾ ਕੀਤਾ ਕਿ ਬੀਤੀ ਅਪ੍ਰੈਲ 2025 ‘ਚ ਪ੍ਰੀਤ ਕੌਰ ਨਾਂ ਦੀ ਇਕ ਕੁੜੀ ਉਨ੍ਹਾਂ ਦੇ ਪਿੰਡ ਆਈ ਸੀ ਜੋ ਲੋਨ ਆਦਿ ਦਿਵਾਉਣ ਦਾ ਕੰਮ ਕਰਦੀ ਸੀ। ਇਸ ਦੌਰਾਨ ਉਸਨੂੰ ਤੇ ਉਸਦੇ ਪਿੰਡ ਦੇ ਰਹਿਣ ਵਾਲੇ ਗਮਦੂਰ ਸਿੰਘ ਨੂੰ ਪੈਸਿਆਂ ਦੀ ਲੋੜ ਪਈ ਤੇ ਉਹ ਪ੍ਰੀਤ ਕੌਰ ਦੇ ਸੰਪਰਕ ‘ਚ ਆਏ। ਪ੍ਰੀਤ ਕੌਰ ਨੇ ਦੱਸਿਆ ਕਿ ਜਰਮਨਜੀਤ ਸਿੰਘ, ਜਿਸਦਾ ਦਫਤਰ ਮਹੇਸ਼ਵਰੀ ਚੌਕ ਬਠਿੰਡਾ ‘ਚ ਹੈ, ਬੈਂਕਾਂ ਤੋਂ ਲੋਨ ਦਿਵਾਉਣ ਦਾ ਕੰਮ ਕਰਦਾ ਹੈ ਤੇ ਜੇਕਰ ਉਨ੍ਹਾਂ ਨੂੰ ਵੀ ਪੈਸਿਆਂ ਦੀ ਲੋੜ ਹੈ ਤਾਂ ਉਹ ਉੱਥੇ ਆ ਸਕਦੇ ਹਨ।
ਸ਼ਿਕਾਇਤਕਰਤਾ ਅਨੁਸਾਰ ਉਹ ਤੇ ਗਮਦੂਰ ਸਿੰਘ ਦੀਆਂ ਗੱਲਾਂ ਵਿਚ ਆ ਕੇ ਬਠਿੰਡਾ ਆਏ ਜਿੱਥੇ ਜਰਮਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦਾ ਲੋਨ ਕਰਵਾ ਦੇਵੇਗਾ ਪਰ ਇਸ ਦੇ ਬਦਲੇ ਉਹ 5-5 ਹਜ਼ਾਰ ਰੁਪਏ ਲਵੇਗਾ। ਜਦੋਂ ਉਹ ਮੰਨ ਗਏ ਤਾਂ ਜਰਮਨਜੀਤ ਸਿੰਘ ਅਤੇ ਪ੍ਰੀਤ ਕੌਰ ਨੇ ਆਧਾਰ ਕਾਰਡ, ਵੋਟਰ ਕਾਰਡ ਤੇ ਪੈਨ ਕਾਰਡ ਬਣਵਾਉਣ ਦੇ ਨਾਲ ਕੁਝ ਫਾਰਮ ਅਤੇ ਕੁਝ ਖਾਲੀ ਕਾਗਜ਼ਾਂ ‘ਤੇ ਹਸਤਾਖਰ ਕਰਵਾ ਲਏ ਤੇ ਇਕ ਹਫ਼ਤੇ ਬਾਅਦ ਮੁੜ ਆਉਣ ਲਈ ਕਿਹਾ।
ਜਦੋਂ ਉਹ ਇਕ ਹਫ਼ਤੇ ਬਾਅਦ ਮੁੜ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਗਮਦੂਰ ਸਿੰਘ ਦੁਬਾਰਾ ਜਰਮਨਜੀਤ ਸਿੰਘ ਗਹਿਰੀ ਨਾਲ ਮਿਲਣ ਬਠਿੰਡਾ ਆਇਆ, ਜਿਸਨੇ ਕਿਹਾ ਕਿ ਤੁਹਾਡਾ ਲੋਨ ਮਨਜ਼ੂਰ ਹੋ ਗਿਆ ਹੈ, ਪਰ ਉਨ੍ਹਾਂ ਦੋਹਾਂ ਨੇ ਕਿਹਾ ਕਿ ਉਨ੍ਹਾਂ ਦੇ ਖਾਤੇ ‘ਚ ਰਕਮ ਜਮ੍ਹਾਂ ਨਹੀਂ ਹੋਈ। ਜਰਮਨਜੀਤ ਨੇ ਕਿਹਾ ਕਿ ਇਹ ਰਕਮ ਉਸਦੇ ਖਾਤੇ ‘ਚ ਆ ਗਈ ਹੈ ਅਤੇ ਉਹ ਇਹ ਰਕਮ ਨਕਦ ਨਹੀਂ ਵਾਪਸ ਕਰ ਸਕਦਾ ਜਿਸ ਕਰਕੇ ਉਹ ਫਰਨੀਚਰ ਆਦਿ ਖਰੀਦ ਲਵੇ। ਪਰ ਸ਼ਿਕਾਇਤਕਰਤਾ ਨੂੰ ਨਕਦੀ ਦੀ ਲੋੜ ਸੀ, ਜਿਸ ਕਰਕੇ ਉਹ ਨਕਦ ਹੀ ਮੰਗਣ ਲੱਗਾ।
ਜ਼ਿਆਦਾ ਜ਼ੋਰ ਦੇਣ ‘ਤੇ ਉਸਨੇ ਗਮਦੂਰ ਸਿੰਘ ਦੇ ਖਾਤੇ ‘ਚ ਇਕ ਵਾਰੀ 30 ਹਜ਼ਾਰ ਰੁਪਏ ਅਤੇ ਦੂਜੀ ਵਾਰੀ 20 ਹਜ਼ਾਰ ਰੁਪਏ ਜਮ੍ਹਾਂ ਕੀਤੇ। ਦੂਜੀ ਵਾਰੀ 34 ਹਜ਼ਾਰ ਰੁਪਏ ਮੰਗੇ, ਪਰ ਵਾਰ-ਵਾਰ ਮੰਗਣ ‘ਤੇ ਵੀ ਉਸਨੇ ਪੈਸੇ ਨਹੀਂ ਦਿੱਤੇ। ਇਸ ਤੋਂ ਇਲਾਵਾ, ਜਰਮਨਜੀਤ ਅਤੇ ਉਸਦੇ ਪਿਤਾ ਕਿਰਨਜੀਤ ਸਿੰਘ ਗਹਿਰੀ ਨੇ ਉਸਨੂੰ ਝੂਠੇ ਐਸਸੀ/ਐਸਟੀ ਕੇਸ ‘ਚ ਫਸਾਉਣ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਤੇ ਧਮਕਾ ਦੇ ਕੇ ਗਮਦੂਰ ਸਿੰਘ ਤੋਂ 66 ਹਜ਼ਾਰ ਰੁਪਏ ਨਕਦ ਲੈ ਲਏ ਅਤੇ ਕਥਿਤ ਤੌਰ ‘ਤੇ ਉਸਦੇ ਲੋਨ ਦੇ ਤੌਰ ‘ਤੇ ਦਿੱਤੇ ਗਏ 67 ਹਜ਼ਾਰ ਰੁਪਏ ਅਤੇ 1 ਲੱਖ ਰੁਪਏ ਵੀ ਹੜੱਪ ਲਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਹਾਂ ਮੁਲਜ਼ਮ ਬਾਪ-ਬੇਟੇ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।