ਚੰਡੀਗੜ੍ਹ/ਨਵੀਂ ਦਿੱਲੀ, 30 ਸਤੰਬਰ 2025: ਦੇਸ਼ ਕਲਿੱਕ ਬਿਓਰੋ
ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨਵੈਸਟ ਪੰਜਾਬ ਪਹਿਲਕਦਮੀ ਤਹਿਤ ਆਪਣੀਆਂ ਪਹੁੰਚ ਸਰਗਰਮੀਆਂ ਨੂੰ ਜਾਰੀ ਰੱਖਦਿਆਂ 13-15 ਮਾਰਚ ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ 6ਵੇਂ ਐਡੀਸ਼ਨ ਦੀ ਤਿਆਰੀ ਦੇ ਹਿੱਸੇ ਵਜੋਂ ਅੱਜ ਨਵੀਂ ਦਿੱਲੀ ਵਿਖੇ ਇੱਕ ਸਮਰਪਿਤ ਰੋਡ ਸ਼ੋਅ ਕੀਤਾ। ਦਿਨ ਭਰ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਸੈਸ਼ਨ – ਉਦਯੋਗ ਦੇ ਆਗੂਆਂ ਨਾਲ ਗੱਲਬਾਤ ਵਿਸ਼ੇ ‘ਤੇ ਵੱਡੇ ਕਾਰਪੋਰੇਟਾਂ ਘਰਾਣਿਆਂ ਨਾਲ ਬਿਜ਼ਨਸ-ਟੂ-ਬਿਜ਼ਨਸ ਮੀਟਿੰਗਾਂ ਕੀਤੀਆਂ ਗਈਆਂ।
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵਫ਼ਦ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ, ਸ੍ਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਆਈ.ਏ.ਐਸ., ਪ੍ਰਸ਼ਾਸਕੀ ਸਕੱਤਰ ਨਿਵੇਸ਼ ਪ੍ਰੋਤਸਾਹਨ ਕੇ.ਕੇ. ਯਾਦਵ, ਆਈ.ਏ.ਐਸ., ਪੰਜਾਬ ਵਿਕਾਸ ਕਮਿਸ਼ਨ ਦੀ ਉਪ-ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ, ਸੀਈਓ ਇਨਵੈਸਟ ਪੰਜਾਬ ਅਮਿਤ ਢਾਕਾ, ਆਈਏਐਸ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਵਫ਼ਦ ਨੇ ਸੀਐਨਐਚ ਇੰਡਸਟਰੀਅਲ, ਏਆਈਪੀਐਲ, ਆਈਐਚਸੀਐਲ (ਤਾਜ ਹੋਟਲ), ਏਸੀਐਮਈ ਸੋਲਰ, ਐਲਟੀ ਫੂਡਜ਼, ਆਈਟੀਸੀ, ਇਨਫੋ ਐਜ, ਹਲਦੀਰਾਮ ਫੂਡਜ਼, ਆਰਜੇ ਕਾਰਪੋਰੇਸ਼ਨ, ਫਰੰਟਲਾਈਨ ਗਰੁੱਪ, ਮੇਦਾਂਤਾ ਗਰੁੱਪ ਅਤੇ ਹੋਰਨਾਂ ਸਮੇਤ ਪ੍ਰਮੁੱਖ ਕਾਰਪੋਰੇਟਾਂ ਨਾਲ ਵਿਚਾਰ-ਵਟਾਂਧਰਾ ਕੀਤਾ। ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਪ੍ਰਾਹੁਣਚਾਰੀ, ਆਈਟੀ ਅਤੇ ਡਿਜੀਟਲ ਸੇਵਾਵਾਂ, ਨਵਿਆਉਣਯੋਗ ਊਰਜਾ, ਸਿਹਤ ਸੰਭਾਲ, ਆਟੋਮੋਬਾਈਲਜ਼, ਐਫਐਮਸੀਜੀ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਵਿੱਚ ਪੰਜਾਬ ਦੀਆਂ ਵਿਆਪਕ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤੀ ਗਈ। ਇਸ ਤੋਂ ਇਲਾਵਾ ਵੇਰਕਾ ਤੋਂ ਸ਼੍ਰੀ ਬਿਕਰਮ ਸਿਹਾਗ ਨੇ ਵੀ ਵਫ਼ਦ ਨਾਲ ਮੁਲਾਕਾਤ ਕੀਤੀ ਜਿਸਨੇ ਹਾਲ ਹੀ ਵਿੱਚ ਪੰਜਾਬ ਵਿੱਚ ਪੀਣ ਵਾਲੇ ਪਦਾਰਥਾਂ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ 987 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸ਼ਾਮ ਨੂੰ ਹੋਏ ਪੰਜਾਬ ਸੈਸ਼ਨ ਵਿੱਚ ਐਡਵਾਂਟੇਜ ਪੰਜਾਬ ਏ.ਵੀ. ਪੇਸ਼ਕਾਰੀ ਦਿਖਾਈ ਗਈ, ਜਿਸ ਉਪਰੰਤ ਸ੍ਰੀ ਨਿਕੇਸ਼ ਸਿਨਹਾ (ਸੋਨ ਸੋਲਰ), ਸ੍ਰੀ ਰਾਹੁਲ ਗੋਇਲ (ਵਿਨਸਿਟ ਲੈਬਜ਼) ਅਤੇ ਸ੍ਰੀ ਅਨਿਲ ਰਾਜਪੂਤ (ਆਈਟੀਸੀ) ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਇਨਵੈਸਟ ਇੰਡੀਆ ਦੀ ਐਮ.ਡੀ. ਸ੍ਰੀਮਤੀ ਨਿਵ੍ਰਤੀ ਰਾਏ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੀ ਸੁਧਾਰ-ਮੁਖੀ ਪਹੁੰਚ ਅਤੇ ਨਿਵੇਸ਼ਕ-ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਸੈਸ਼ਨ ਵਿੱਚ ਵਾਈ.ਪੀ.ਓ., ਸੀ.ਆਈ.ਆਈ. ਅਤੇ ਹੋਰ ਪ੍ਰਮੁੱਖ ਉਦਯੋਗ ਸੰਗਠਨਾਂ ਦੇ ਮੈਂਬਰਾਂ ਨੇ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।
ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਨੇ ਪੰਜਾਬ ਦੇ ਪਾਰਦਰਸ਼ੀ ਪ੍ਰਸ਼ਾਸਨ ਅਤੇ ਸਰਗਰਮ ਰੈਗੂਲੇਟਰੀ ਸੁਧਾਰਾਂ ‘ਤੇ ਜ਼ੋਰ ਦਿੱਤਾ। ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਸੂਬੇ ਵਿੱਚ ਸੁਖਾਵੇਂ ਵਪਾਰਕ ਮਾਹੌਲ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ: “ਪੰਜਾਬ ਦੇ ਨੀਤੀਗਤ ਢਾਂਚੇ ਨੂੰ ਰਾਈਟ ਟੂ ਬਿਜਨੈਸ ਐਕਟ ਵਰਗੇ ਦਲੇਰਾਨਾ ਸੁਧਾਰਾਂ ਨਾਲ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਨਿਵੇਸ਼ਕ ਵੱਲੋਂ ਪੰਜਾਬ ਦੀ ਚੋਣ ਕਰਨ ‘ਤੇ ਉਨ੍ਹਾਂ ਵਪਾਰ ਕਰਨ ਵਿੱਚ ਸੌਖ, ਜਵਾਬਦੇਹੀ ਅਤੇ ਨਿਸ਼ਚਤਤਾ ਪ੍ਰਦਾਨ ਕੀਤੀ ਜਾ ਸਕੇ।”
ਰੋਡ ਸ਼ੋਅ ਦੇ ਇੱਕ ਮੁੱਖ ਆਕਰਸ਼ਣ ਵਜੋਂ ਮੋਹਾਲੀ ਨੂੰ ਪੰਜਾਬ ਲਈ ਵਿਕਾਸ ਦੇ ਅਗਲੇ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਸੀ, ਜੋ ਕਿ ਏਆਈ, ਗਲੋਬਲ ਸਮਰੱਥਾ ਕੇਂਦਰਾਂ, ਡੇਟਾ ਸੈਂਟਰਾਂ, ਸੈਮੀਕੰਡਕਟਰਾਂ ਅਤੇ ਇਲੈਕਟ੍ਰਾਨਿਕਸ ਦੇ ਖੇਤਰਾਂ ਵਿੱਚ ਮਜ਼ਬੂਤੀ ਨਾਲ ਉੱਭਰ ਰਿਹਾ ਹੈ। ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਇੱਥੋਂ ਦੀ ਸਾਫ਼ ਹਵਾ, ਭੀੜ-ਭੜੱਕੇ ਰਹਿਤ ਸੜਕਾਂ ਅਤੇ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਦੀ ਮੌਜੂਦਗੀ ਸਦਕਾ ਮੋਹਾਲੀ ਨੂੰ “ਪੰਜਾਬ ਦੇ ਅਗਲੇ ਗੁਰੂਗ੍ਰਾਮ” ਵਜੋਂ ਮਾਨਤਾ ਦਿੱਤੀ ਜਾ ਰਹੀ ਹੈ।
ਦਿੱਲੀ ਰੋਡ ਸ਼ੋਅ ਇੱਕ ਇੰਟਰਐਕਟਿਵ ਓਪਨ ਹਾਊਸ ਨਾਲ ਸਮਾਪਤ ਹੋਇਆ। ਉਦਯੋਗ ਖੇਤਰ ਦੇ ਪ੍ਰਤੀਨਿਧੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ, ਜਿਸ ਨਾਲ ਉੱਤਰੀ ਭਾਰਤ ਦੇ ਪ੍ਰਮੁੱਖ ਨਿਵੇਸ਼ ਸਥਾਨਾਂ ‘ਚ ਇੱਕ ਵਜੋਂ ਸੂਬੇ ਦੀ ਸਥਿਤੀ ਨੂੰ ਹੋਰ ਮਜ਼ਬੂਤੀ ਮਿਲੀ।