ਬਾਬਾ ਫਰੀਦ ਸਕੂਲ ਅਤੇ ਮੇਜਰ ਅਜਾਇਬ ਸਿੰਘ ਸਕੂਲ ਦੇ ਬੱਚਿਆਂ ਨੇ ਦੇਖਿਆ ਵਿਧਾਨ ਸਭਾ ਦਾ ਸ਼ੈਸ਼ਨ

ਪੰਜਾਬ

ਸਪੀਕਰ ਸੰਧਵਾਂ ਨਾਲ ਸਿਆਸੀ ਗੱਲਾਂ ਕਰਕੇ ਬੱਚਿਆਂ ਨੇ ਕੀਤਾ ਹੈਰਾਨ!

ਚੰਡੀਗੜ੍ਹ, 30 ਸਤੰਬਰ:-ਦੇਸ਼ ਕਲਿੱਕ ਬਿਓਰੋ

ਭਾਵੇਂ ਅਸੀਂ ਆਪਣੇ ਘਰ ਬੈਠ ਕੇ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ (ਲਾਈਵ ਸ਼ੈਸ਼ਨ) ਅਕਸਰ ਦੇਖਦੇ ਅਤੇ ਸੁਣਦੇ ਰਹਿੰਦੇ ਹਾਂ ਪਰ ਅੱਜ ਪੰਜਾਬ ਵਿਧਾਨ ਸਭਾ ਦੀ ਬਾਲਕੋਨੀ ਵਿੱਚ ਬੈਠ ਕੇ ਜਿਆਦਾ ਖੁਸ਼ੀ ਮਹਿਸੂਸ ਹੋਈ। ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ (ਫਰੀਦਕੋਟ) ਅਤੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਬੱਚਿਆਂ ਨੇ ਵਿਧਾਨ ਸਭਾ ਦਾ ਲਾਈਵ ਸ਼ੈਸ਼ਨ ਦੇਖਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੂਹਰੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜੇਕਰ ਸਪੀਕਰ ਸੰਧਵਾਂ ਜੀ ਵਲੋਂ ਉਹਨਾ ਨੂੰ ਮੌਕਾ ਨਾ ਦਿੱਤਾ ਜਾਂਦਾ ਤਾਂ ਉਹ ਇਕ ਸੁਨਹਿਰੀ ਮੌਕੇ ਤੋਂ ਵਾਂਝੇ ਰਹਿ ਜਾਂਦੇ।

ਉਪਰੋਕਤ ਦੋਨੋਂ ਸਕੂਲਾਂ ਦੇ ਬੱਚਿਆਂ ਨੇ ਪੰਜਾਬ ਭਰ ਦੇ ਚੁਣੇ ਨੁਮਾਇੰਦਿਆਂ ਵਿੱਚ ਸ਼ਾਮਲ ਵਿਧਾਇਕਾਂ, ਮੰਤਰੀਆਂ ਸਮੇਤ ਮੁੱਖ ਮੰਤਰੀ ਅਤੇ ਮਾਨਯੋਗ ਸਪੀਕਰ ਦੇ ਭਾਸ਼ਣ ਅਤੇ ਬੋਲਣ ਦੇ ਅੰਦਾਜ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਟੀਵੀ ਚੈਨਲਾਂ ਰਾਹੀਂ ਵਿਧਾਨ ਸਭਾ ਦੇ ਸ਼ੈਸ਼ਨ ਦਾ ਲਾਈਵ ਪੋ੍ਰਗਰਾਮ ਚਲਾ ਕੇ ਇਕ ਤਰਾਂ ਨਾਲ ਪੰਜਾਬ ਦੀ ਤਿੰਨ ਕਰੋੜ ਆਬਾਦੀ ’ਤੇ ਅਹਿਸਾਨ ਕੀਤਾ ਹੈ।

 ਸਪੀਕਰ ਸੰਧਵਾਂ ਨੇ ਪਹਿਲਾਂ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਮੁੱਖੀ ਸਿਮਰਜੀਤ ਸਿੰਘ ਸੇਖੋਂ ਵੱਲੋਂ ਭੇਜੇ ਗਏ ਬਾਬਾ ਫਰੀਦ ਪਬਲਿਕ ਸਕੂਲ ਦੇ ਬੱਚਿਆਂ ਨਾਲ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਉਹਨਾ ਨੂੰ ਆਪੋ ਆਪਣੇ ਭਵਿੱਖ ਦੇ ਟੀਚੇ ਦੱਸਣ ਬਾਰੇ ਆਖਿਆ। ਉਹਨਾ ਪੁੱਛਿਆ ਕਿ ਵਿਧਾਨ ਸਭਾ ਦਾ ਸ਼ੈਸ਼ਨ ਉਹਨਾ ਨੂੰ ਕਿਸ ਤਰਾਂ ਦਾ ਲੱਗਿਆ ਅਤੇ ਉਹ ਪੜ੍ਹ ਲਿਖ ਕੇ ਅਫਸਰ, ਸਿਆਸਤਦਾਨ ਜਾਂ ਸਮਾਜਸੇਵੀ ਬਣਨ ਦੀ ਇੱਛਾ ਰੱਖਦੇ ਹਨ?

ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾ ਵਲੋਂ ਦਿੱਤੇ ਜਵਾਬ ਤੋਂ ਸਪੀਕਰ ਸੰਧਵਾਂ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਅਤੇ ਉਸ ਤੋਂ ਬਾਅਦ ਉਹਨਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੇ ਡਾਇਰੈਕਟਰ ਪਿ੍ਰੰਸੀਪਲ ਐਸ ਐਸ ਬਰਾੜ ਵਲੋਂ ਲਿਆਂਦੇ ਵਿਦਿਆਰਥੀ-ਵਿਦਿਆਰਥਣਾ ਨਾਲ ਵੀ ਉਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਰ ਮੇਜਰ ਅਜਾਇਬ ਸਿੰਘ ਸਕੂਲ ਦੇ ਵਿਦਿਆਰਥੀ ਅਤੇ ਵਿਦਿਆਰਥਣਾ ਨੇ ਹੋਰ ਢੰਗ ਨਾਲ ਜਵਾਬ ਦਿੱਤੇ ਤਾਂ ਸਪੀਕਰ ਸੰਧਵਾਂ ਨੂੰ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਖੁਸ਼ੀ ਮਹਿਸੂਸ ਹੋਈ।

ਬਾਬਾ ਫਰੀਦ ਸਕੂਲ ਅਤੇ ਮੇਜਰ ਅਜਾਇਬ ਸਿੰਘ ਸਕੂਲ ਦੇ ਬੱਚਿਆਂ ਨੇ ਹੜਾਂ ਦੀ ਕਰੋਪੀ ਉਪਰ ਸੱਦੇ ਸ਼ੈਸ਼ਨ ਬਾਰੇ ਵੀ ਵਿਸਥਾਰ ਵਿੱਚ ਗੱਲਬਾਤ ਕੀਤੀ। ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਦੋਨਾਂ ਸਕੂਲਾਂ ਦੇ ਬੱਚਿਆਂ ਨਾਲ ਸਪੀਕਰ ਸੰਧਵਾਂ ਜੀ ਵਲੋਂ ਵੱਖੋ ਵੱਖਰੇ ਤੌਰ ’ਤੇ ਗੱਲਬਾਤ ਕੀਤੀ ਗਈ ਤੇ ਬਾਅਦ ਵਿੱਚ ਦੋਨੋਂ ਸਕੂਲਾਂ ਦੇ ਬੱਚਿਆਂ ਦਾ ਸਟਾਫ ਸਮੇਤ ਸਪੀਕਰ ਸੰਧਵਾਂ ਦੀ ਰਿਹਾਇਸ਼ ’ਤੇ ਖਾਣਾ ਤਿਆਰ ਕੀਤਾ ਗਿਆ, ਜੋ ਬੱਚਿਆਂ ਅਤੇ ਸਟਾਫ ਨੇ ਸਪੀਕਰ ਸੰਧਵਾਂ ਦੇ ਸਮੁੱਚੇ ਪਰਿਵਾਰ ਨਾਲ ਖਾਣਾ ਖਾ ਕੇ ਵੱਖਰਾ ਆਨੰਦ ਮਾਣਿਆ।

 ਬੱਚਿਆਂ ਨੇ ਸਪੀਕਰ ਸੰਧਵਾਂ ਦੀ ਧਰਮਪਤਨੀ ਬੀਬਾ ਗੁਰਪ੍ਰੀਤ ਕੌਰ ਦੇ ਮਿਲਾਪੜੇ ਸੁਭਾਅ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸਿਆਸਤਦਾਨਾ ਵਿੱਚੋਂ ਉਹਨਾਂ ਨੂੰ ਸਪੀਕਰ ਸੰਧਵਾਂ ਦੇ ਪਰਿਵਾਰ ਦਾ ਸੁਭਾਅ ਬਹੁਤ ਹੀ ਚੰਗਾ ਲੱਗਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।