ਮੋਹਾਲੀ, 5 ਅਕਤੂਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਯੋਜਨਾ ਕਮੇਟੀ (ਡੀ ਪੀ ਸੀ), ਐਸ ਏ ਐਸ ਨਗਰ ਦੇ ਚੇਅਰਮੈਨ, ਇੰਜੀਨੀਅਰ ਪ੍ਰਭਜੋਤ ਕੌਰ ਨੇ ਅੱਜ ਵਿੱਤੀ ਸਾਲ 2024-25 ਲਈ ਜ਼ਿਲ੍ਹਾ ਯੋਜਨਾ ਕਮੇਟੀਆਂ/ਜ਼ਿਲ੍ਹਾ ਵਿਸ਼ੇਸ਼ ਯੋਜਨਾਵਾਂ ਦੇ ਅਨ-ਟਾਈਡ ਫੰਡਾਂ ਤਹਿਤ ਗ੍ਰਾਮ ਪੰਚਾਇਤ ਕੁਰੜਾ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਪ੍ਰਵਾਨਗੀ ਪੱਤਰ ਸੌਂਪਿਆ।
ਇਹ ਗ੍ਰਾਂਟ ਪਿੰਡ ਵਿੱਚ ਐਸ ਸੀ ਧਰਮਸ਼ਾਲਾ ਦੀ ਮੁਰੰਮਤ ਅਤੇ ਪਾਰਕ ਦੇ ਵਿਕਾਸ ਲਈ ਮਨਜ਼ੂਰ ਕੀਤੀ ਗਈ ਹੈ। ਇਸ ਪਹਿਲਕਦਮੀ ਦਾ ਉਦੇਸ਼ ਸਥਾਨਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਵਸਨੀਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਹੈ।
ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਮੁਕੰਮਲ ਅਤੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੁੰਦਿਆਂ, ਇਹ ਯਕੀਨੀ ਬਣਾਉਂਦੀ ਹੈ ਕਿ ਹਰ ਪਿੰਡ ਨੂੰ ਭਾਈਚਾਰਕ ਭਲਾਈ ਲਈ ਜ਼ਰੂਰੀ ਬੁਨਿਆਦੀ ਢਾਂਚਾ ਸਹਾਇਤਾ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਫੰਡਾਂ ਦੀ ਵਰਤੋਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮੇਂ ਸਿਰ ਅਮਲ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਵਿਕਾਸ ਕਾਰਜਾਂ ਨੂੰ ਤੁਰੰਤ ਸ਼ੁਰੂ ਕਰਨ ਲਈ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੂੰ ਪ੍ਰਵਾਨਗੀ ਪੱਤਰ ਸੌਂਪਿਆ।
ਇਸ ਮੌਕੇ ਸਰਪੰਚ ਮੁਖਤਿਆਰ ਸਿੰਘ (ਬਲਾਕ ਪ੍ਰਧਾਨ, ਆਪ), ਗੁਰਪ੍ਰੀਤ ਸਿੰਘ (ਕੋਆਰਡੀਨੇਟਰ, ਨਸ਼ਾ ਮੁਕਤੀ ਮੋਰਚਾ), ਸੁਰਿੰਦਰ ਸਿੰਘ (ਮਟੌਰ), ਐਡਵੋਕੇਟ ਅਮਰਜੀਤ ਸਿੰਘ, ਅਤੇ ਪਿੰਡ ਦੇ ਹੋਰ ਪਤਵੰਤੇ ਮੌਜੂਦ ਸਨ।