- ਖਪਤਕਾਰਾਂ ਨੂੰ ਕਿਫਾਇਤੀ ਅਤੇ ਉੱਚ-ਗੁਣਵੱਤਾ ਵਾਲੀ ਬਿਜਲੀ ਮਿਲਦੀ ਰਹੇਗੀ
- ਨਵਿਆਉਣਯੋਗ ਬਿਜਲੀ ਖਰੀਦ ਲਈ ਇੱਕ ਪਾਰਦਰਸ਼ੀ, ਕੁਸ਼ਲ ਅਤੇ ਪ੍ਰਤੀਯੋਗੀ ਮੰਚ ਪ੍ਰਦਾਨ ਕਰਨ ਲਈ ਪੀ.ਐਸ.ਪੀ.ਸੀ.ਐਲ. ਵਚਨਬੱਧ
- ਪੀ.ਐਸ.ਪੀ.ਸੀ.ਐਲ. ਅਤੇ ਇਨਵੈਸਟ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਨਵਿਆਉਣਯੋਗ ਬਿਜਲੀ ਕੰਪਨੀਆਂ ਦੀ ਮੀਟਿੰਗ ਦਾ ਆਯੋਜਨ
ਚੰਡੀਗੜ੍ਹ, 7 ਅਕਤੂਬਰ: ਦੇਸ਼ ਕਲਿਕ ਬਿਊਰੋ :
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ, ਪੀ.ਐਸ.ਪੀ.ਸੀ.ਐਲ. ਦੇ ਆਉਣ ਵਾਲੇ ਸੂਰਜੀ ਅਤੇ ਨਵਿਆਉਣਯੋਗ ਊਰਜਾ ਟੈਂਡਰਾਂ ਵਿੱਚ ਵੱਡੇ ਪੱਧਰ `ਤੇ ਪ੍ਰਮੁੱਖ ਨਵਿਆਉਣਯੋਗ ਊਰਜਾ ਕੰਪਨੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਵਿੱਚ ਇੱਕ ਨਵਿਆਉਣਯੋਗ ਬਿਜਲੀ ਡਿਵੈਲਪਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ।
ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਬਿਜਲੀ, ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸ਼੍ਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਭਾਰਤ ਦੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਮੋਹਰੀ ਨੁਮਾਇੰਦਗੀ ਕਰਨ ਵਾਲੇ ਲਗਭਗ 30 ਪ੍ਰਮੁੱਖ ਡਿਵੈਲਪਰਾਂ ਅਤੇ ਕੰਪਨੀਆਂ ਨੇ ਹਿੱਸਾ ਲਿਆ।
ਪੀਐਸਪੀਸੀਐਲ, ਇਨਵੈਸਟ ਪੰਜਾਬ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਸਿ਼ਰਕਤ ਕੀਤੀ ਅਤੇ ਭਾਈਵਾਲਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਨੇ ਡਿਵੈਲਪਰਾਂ ਨੂੰ ਪੰਜਾਬ ਦੀਆਂ ਪ੍ਰਗਤੀਸ਼ੀਲ ਨਵਿਆਉਣਯੋਗ ਊਰਜਾ ਨੀਤੀਆਂ, ਨਿਵੇਸ਼ ਸਹੂਲਤ ਵਿਧੀਆਂ ਅਤੇ ਪਾਰਦਰਸ਼ੀ ਪ੍ਰਤੀਯੋਗੀ ਬੋਲੀ ਰਾਹੀਂ ਨਵਿਆਉਣਯੋਗ ਊਰਜਾ ਦੀ ਖਰੀਦ ਲਈ ਪੀ.ਐਸ.ਪੀ.ਸੀ.ਐਲ. ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ।
ਸੈਸ਼ਨ ਦੌਰਾਨ, ਪੀ.ਐਸ.ਪੀ.ਸੀ.ਐਲ. ਨੇ ਆਪਣਾ ਬੋਲੀ ਲਗਾਉਣ ਸਬੰਧੀ ਭਵਿੱਖ ਖਰੜਾ ਪੇਸ਼ ਕੀਤਾ, ਜਿਸ ਵਿੱਚ ਪ੍ਰਾਈਵੇਟ ਡਿਵੈਲਪਰਾਂ ਲਈ ਸੂਰਜੀ ਅਤੇ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਦੇ ਆਉਣ ਵਾਲੇ ਮੌਕਿਆਂ ਦੀ ਰੂਪਰੇਖਾ ਦਿੱਤੀ ਗਈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਰਾਜ ਨੂੰ ਆਪਣੇ ਰੀਨੀਏਬਲ ਪਰਚੇਜ਼ ਔਬਲੀਗੇਸ਼ਨ(ਆਰਪੀਓ) ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਾ, ਊਰਜਾ ਸੁਰੱਖਿਆ ਨੂੰ ਵਧਾਉਣਾ ਅਤੇ ਸਾਫ਼-ਸੁਥਰੀ ਅਤੇ ਹਰੀ ਊਰਜਾ ਰਾਹੀਂ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਮੀਟਿੰਗ ਵਿੱਚ ਇੱਕ ਇੰਟਰਐਕਟਿਵ ਸੈਸ਼ਨ ਵੀ ਹੋਇਆ ਜਿੱਥੇ ਡਿਵੈਲਪਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬ ਦੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ ਲਈ ਰਚਨਾਤਮਕ ਸੁਝਾਅ ਦਿੱਤੇ।
ਹੋਰ ਮੁੱਦਿਆਂ ਦੇ ਨਾਲ-ਨਾਲ ਡਿਵੈਲਪਰਾਂ ਨੇ ਟੈਂਡਰਾਂ ਵਿੱਚ ਸੀਲਿੰਗ ਟੈਰਿਫ ਲਗਾਉਣ ਅਤੇ ਟ੍ਰਾਂਸਮਿਸ਼ਨ ਲਾਈਨਾਂ ਵਿਛਾਉਣ ਲਈ ਸਰਵੇਖਣ ਵਿੱਚ ਪੀਐਸਪੀਸੀਐਲ/ਪੀਐਸਟੀਸੀਐਲ ਵੱਲੋਂ ਲਏ ਲੰਬੇ ਸਮੇਂ ਦਾ ਮੁੱਖ ਮੁੱਦਾ ਉਠਾਇਆ, ਜੋ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਵਿੱਚ ਦੇਰੀ ਦਾ ਕਾਰਨ ਬਣਦਾ ਹੈ। ਮਾਣਯੋਗ ਮੰਤਰੀ ਨੇ ਡਿਵੈਲਪਰਾਂ ਨੂੰ ਇਹ ਯਕੀਨੀ ਬਣਾਇਆ ਕਿ ਟੈਂਡਰਾਂ ਵਿੱਚ ਕੋਈ ਸੀਲਿੰਗ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਪ੍ਰੋਜੈਕਟਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਵੈਲਪਰਾਂ ਦੁਆਰਾ ਖੁਦ ਲਾਈਨਾਂ ਦੇ ਸਰਵੇਖਣ ਦਾ ਪ੍ਰਬੰਧ ਉਪਲਬਧ ਕਰਵਾਇਆ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਰਾਜ ਸਰਕਾਰ ਦੀ ਨਿਵੇਸ਼ਕ-ਅਨੁਕੂਲ ਵਾਤਾਵਰਣ ਬਣਾਉਣ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਨਾ ਲਈ ਡਿਵੈਲਪਰਾਂ ਨੂੰ ਵਿਆਪਕ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਬਾਰੇ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਾਫ਼, ਹਰੀ ਅਤੇ ਕਿਫ਼ਾਇਤੀ ਨਵਿਆਉਣਯੋਗ ਊਰਜਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖਪਤਕਾਰਾਂ ਨੂੰ ਭਰੋਸੇਯੋਗ, ਕਿਫਾਇਤੀ ਅਤੇ ਉੱਚ-ਗੁਣਵੱਤਾ ਵਾਲੀ ਬਿਜਲੀ ਮਿਲਦੀ ਰਹੇ।
ਇਸ ਮੌਕੇ `ਤੇ ਬੋਲਦੇ ਹੋਏ, ਸ਼੍ਰੀ ਅਜੋਏ ਕੁਮਾਰ ਸਿਨਹਾ, ਆਈਏਐਸ, ਪ੍ਰਮੁੱਖ ਸਕੱਤਰ (ਬਿਜਲੀ) ਅਤੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੀਐਸਪੀਸੀਐਲ ਨੇ ਨਵਿਆਉਣਯੋਗ ਬਿਜਲੀ ਖਰੀਦ ਲਈ ਇੱਕ ਪਾਰਦਰਸ਼ੀ, ਕੁਸ਼ਲ ਅਤੇ ਪ੍ਰਤੀਯੋਗੀ ਪਲੇਟਫਾਰਮ ਦੀ ਪੇਸ਼ਕਸ਼ ਕਰਨ ਲਈ ਪੀਐਸਪੀਸੀਐਲ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਇਹ ਵੀ ਦੁਹਰਾਇਆ ਕਿ ਪੀਐਸਪੀਸੀਐਲ ਰਾਜ ਦੇ ਟਿਕਾਊ ਊਰਜਾ ਵਿੱਚ ਤੇਜ਼ੀ ਨਾਲ ਤਬਦੀਲੀ ਲਿਆਉਣ ਲਈ ਨਿਵੇਸ਼ਕਾਂ ਅਤੇ ਡਿਵੈਲਪਰਾਂ ਨਾਲ ਮਿਲ ਕੇ ਕੰਮ ਕਰੇਗਾ।
ਇਸ ਸਮਾਗਮ ਵਿੱਚ ਪੀਐਸਪੀਸੀਐਲ ਦੇ ਡਾਇਰੈਕਟਰ (ਜਨਰੇਸ਼ਨ) ਇੰਜੀਨੀਅਰ ਹਰਜੀਤ ਸਿੰਘ, ਪੀਐਸਟੀਸੀਐਲ ਦੇ ਡਾਇਰੈਕਟਰ ਟੈਕਨੀਕਲ ਇੰਜੀਨੀਅਰ ਸੰਜੀਵ ਸੂਦ ਅਤੇ ਮੁੱਖ ਇੰਜੀਨੀਅਰ (ਐਨਆਰਐਸਈ ਅਤੇ ਥਰਮਲ ਡਿਜ਼ਾਈਨ), ਪੀਐਸਪੀਸੀਐਲ ਇੰਜੀਨੀਅਰ ਇੰਦਰਜੀਤ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਨੇ ਇੱਕ ਮਜ਼ਬੂਤ ਨਵਿਆਉਣਯੋਗ ਊਰਜਾ ਵਾਤਾਵਰਣ ਬਣਾਉਣ, ਨਿਵੇਸ਼, ਨਵੀਨਤਾ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ, ਜਦੋਂ ਕਿ ਰਾਜ ਲਈ ਇੱਕ ਸਾਫ਼ ਅਤੇ ਹਰੇ ਭਰੇ ਭਵਿੱਖ ਵਿੱਚ ਯੋਗਦਾਨ ਪਾਇਆ।
ਪੀ.ਐਸ.ਪੀ.ਸੀ.ਐਲ. ਮੌਜੂਦਾ ਸਮੇਂ ਵਿੱਚ ਲਗਭਗ 6,929 ਮੈਗਾਵਾਟ ਸਥਾਪਿਤ ਨਵਿਆਉਣਯੋਗ ਸਮਰੱਥਾ ਦਾ ਪ੍ਰਬੰਧਨ ਕਰਦਾ ਹੈ, ਜਿਸ ਵਿੱਚ ਲਗਭਗ 2,760 ਮੈਗਾਵਾਟ ਸੋਲਰ ਊਰਜਾ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ 2,506 ਮੈਗਾਵਾਟ ਨਵਿਆਉਣਯੋਗ ਸਮਰੱਥਾ, ਜਿਸ ਵਿੱਚੋਂ 2,147 ਮੈਗਾਵਾਟ ਸੋਲਰ ਹੈ, ਲਈ ਪਹਿਲਾਂ ਹੀ ਇਕਰਾਰਨਾਮਾ ਕੀਤਾ ਜਾ ਚੁੱਕਾ ਹੈ ਜਾਂ ਚਾਲੂ ਹੋਣ ਦੀ ਪ੍ਰਕਿਰਿਆ ਅਧੀਨ ਹੈ। ਪੀ.ਐਸ.ਪੀ.ਸੀ.ਐਲ. 2030 ਤੱਕ 10,000 ਮੈਗਾਵਾਟ ਸੋਲਰ ਸਮਰੱਥਾ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸਦੀ ਸ਼ੁਰੂਆਤ ਲਈ ਵਿੱਤੀ ਸਾਲ 2025-26 ਵਿੱਚ 2,000 ਮੈਗਾਵਾਟ ਸੋਲਰ ਅਤੇ 1,000 ਮੈਗਾਵਾਟ ਡਿਸਟ੍ਰੀਬਿਊਟਡ ਨਵਿਆਉਣਯੋਗ ਊਰਜਾ (ਡੀਆਰਈ) ਪ੍ਰੋਜੈਕਟਾਂ ਲਈ ਤੁਰੰਤ ਟੈਂਡਰਾਂ ਨਾਲ ਕੀਤੀ ਜਾ ਰਹੀ ਹੈ।