ਚੰਡੀਗੜ੍ਹ, 7 ਅਕਤੂਬਰ: ਦੇਸ਼ ਕਲਿਕ ਬਿਊਰੋ:
ਇਟਲੀ ਵਿੱਚ ਇੱਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਦੁਖਦਾਈ ਘਟਨਾ 5 ਅਕਤੂਬਰ ਨੂੰ ਇਟਲੀ ਵਿੱਚ ਇੱਕ ਕਾਰ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਕਾਰਨ ਵਾਪਰੀ। ਇਨ੍ਹਾਂ ‘ਚੋਂ ਤਿੰਨ ਨੌਜਵਾਨ ਜਲੰਧਰ ਜ਼ਿਲ੍ਹੇ ਤੇ ਚੌਥਾ ਨੌਜਵਾਨ ਰੂਪਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਹਰਵਿੰਦਰ ਸਿੰਘ (ਘੋਰਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਜਲੰਧਰ ਜ਼ਿਲ੍ਹੇ ਅਤੇ ਜਸਕਰਨ ਸਿੰਘ (ਰੋਪੜ ਜ਼ਿਲ੍ਹਾ) ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਾਂ ਨੇ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਸਹਾਇਤਾ ਦੀ ਬੇਨਤੀ ਕੀਤੀ। ਇਸ ਤੋਂ ਬਾਅਦ, ਸੰਤ ਸੀਚੇਵਾਲ ਨੇ ਤੁਰੰਤ ਕਾਰਵਾਈ ਕੀਤੀ ਅਤੇ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਿੰਡ ਮੇਦਾ ਦੇ ਵਸਨੀਕ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸੁਰਜੀਤ ਸਿੰਘ ਲਗਭਗ ਨੌਂ ਮਹੀਨੇ ਪਹਿਲਾਂ ਇਟਲੀ ਗਿਆ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਯਤਨ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਸੰਪਰਕ ਕੀਤਾ ਹੈ ਅਤੇ ਲਾਸ਼ਾਂ ਨੂੰ ਜਲਦੀ ਭਾਰਤ ਭੇਜਣ ਦੀ ਬੇਨਤੀ ਕੀਤੀ ਹੈ।