WhatsApp ਯੂਨੀਵਰਸਿਟੀ ਦੇ ਭਰੋਸੇ ‘ਤੇ ਚੱਲ ਰਹੀ ਭਾਜਪਾ, ਇੱਕੋ ਬੰਦਿਆਂ ਨੂੰ ਦੋ ਵੱਡੇ ਆਗੂਆਂ ਨੇ ਪਾਰਟੀ ‘ਚ ਕਰਵਾਇਆ ਸ਼ਾਮਲ: ਬਲਤੇਜ ਪੰਨੂ
ਮਨਜਿੰਦਰ ਸਿਰਸਾ ਅਤੇ ਅਸ਼ਵਨੀ ਸ਼ਰਮਾ ਨੇ ਇੱਕੋ ਵਿਅਕਤੀ ਨੂੰ ਵਾਰ-ਵਾਰ ਕਿਉਂ ਕੀਤਾ ਪਾਰਟੀ ‘ਚ ਸ਼ਾਮਲ?- ਬਲਤੇਜ ਪੰਨੂ
ਚੰਡੀਗੜ੍ਹ, 7 ਅਕਤੂਬਰ 2025, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਭਾਜਪਾ ਦਾ ਸੰਗਠਨ “WhatsApp ਯੂਨੀਵਰਸਿਟੀ” ਦੇ ਭਰੋਸੇ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਸਬੂਤ ਵਜੋਂ ਫੋਟੋਆਂ ਦਿਖਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਦੋ ਸੀਨੀਅਰ ਆਗੂਆਂ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕੋ ਹੀ ਵਿਅਕਤੀ ਨੂੰ ਵੱਖ-ਵੱਖ ਸਮੇਂ ‘ਤੇ ਦੋ ਵਾਰ ਭਾਜਪਾ ਵਿੱਚ ਸ਼ਾਮਲ ਕਰਵਾਇਆ।
ਬਲਤੇਜ ਪੰਨੂ ਨੇ ਭਾਜਪਾ ਦੀ ਰਾਜਨੀਤਿਕ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਭਾਜਪਾ ਕਾਹਲੀ ਜਾਂ ਗਲਤ ਜਾਣਕਾਰੀ ਦੇ ਆਧਾਰ ‘ਤੇ ਅਜਿਹੀਆਂ ਗਲਤੀਆਂ ਕਰ ਰਹੀ ਹੈ, ਜਿਸ ਨਾਲ ਪਾਰਟੀ ਦੀ ਗੰਭੀਰਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਲੁਧਿਆਣਾ ਦੀ ਚੋਣ ਦੌਰਾਨ ਸਾਹਮਣੇ ਆਇਆ, ਜਦੋਂ ਮਨਜਿੰਦਰ ਸਿੰਘ ਸਿਰਸਾ ਨੇ ਕੁਝ ਵਿਅਕਤੀਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਸੀ। ਉਸ ਸਮੇਂ ਇਹ ਪ੍ਰਚਾਰਿਆ ਗਿਆ ਸੀ ਕਿ ਸ਼ਾਮਲ ਹੋਣ ਵਾਲੇ ਵਿਅਕਤੀ ‘ਆਮ ਆਦਮੀ ਪਾਰਟੀ’ ਦੇ ਯੂਥ ਪ੍ਰਭਾਰੀ ਜਾਂ ‘ਆਪ’ ਨਾਲ ਸਬੰਧਤ ਸਨ, ਜਿਨ੍ਹਾਂ ਨੇ ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ।
ਪੰਨੂ ਨੇ ਫੋਟੋਆਂ ਦਿਖਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਸਿਰਸਾ ਜੀ ਨੇ ਪਹਿਲਾਂ ਸ਼ਾਮਲ ਕਰਵਾਇਆ ਸੀ, ਉਨ੍ਹਾਂ ਹੀ ‘ਸੇਮ ਪਰਸਨ, ਸੇਮ ਨਾਮ’ ਵਾਲੇ ਵਿਅਕਤੀਆਂ ਨੂੰ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੁਬਾਰਾ ਪਾਰਟੀ ਵਿੱਚ ਸ਼ਾਮਲ ਕਰਵਾ ਰਹੇ ਹਨ। ਜਿਵੇਂ ਕਿ ਪਾਰਟੀ ਵਿੱਚ ਰੀ-ਸਾਈਕਲ ਪ੍ਰੋਸੈਸ ਚੱਲ ਰਿਹਾ ਹੋਵੇ।
‘ਆਪ’ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੋਈ ਛੋਟੀ ਗਲਤੀ ਨਹੀਂ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਭਾਜਪਾ ਦੋ ਵਾਰ ‘ਆਪ’ ਦੇ ਦੱਸ ਕੇ ਪਾਰਟੀ ਵਿੱਚ ਸ਼ਾਮਲ ਕਰਵਾ ਰਹੀ ਹੈ, ਉਹ ਆਮ ਆਦਮੀ ਪਾਰਟੀ ਦੇ ਨਾਲ ਕਦੇ ਵੀ ਜੁੜੇ ਹੋਏ ਵਿਅਕਤੀ ਹੀ ਨਹੀਂ ਸਨ। ਉਨ੍ਹਾਂ ਨੇ ਭਾਜਪਾ ‘ਤੇ ਝੂਠੀ ਖ਼ਬਰ ਅਤੇ ਭਰਮ ਫੈਲਾਉਣ ਦਾ ਦੋਸ਼ ਲਾਇਆ।
ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਕੀ ਭਾਜਪਾ ਇਹ ਸਮਝਦੀ ਹੈ ਕਿ ਪਹਿਲਾਂ ਵਾਲੀਆਂ ਲੁਧਿਆਣੇ ਦੀਆਂ ਖ਼ਬਰਾਂ ਕਿਸੇ ਨੂੰ ਯਾਦ ਨਹੀਂ ਹੋਣਗੀਆਂ? ਉਨ੍ਹਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਦੀ ਜਾਂਚ ਕਰਕੇ ਹੀ ਕੋਈ ਰਾਜਨੀਤਿਕ ਕਾਰਵਾਈ ਕਰੇ ਤਾਂ ਜੋ ਪਾਰਟੀ ਦੀ ਹੋਰ ਜਗ ਹਸਾਈ ਨਾ ਹੋਵੇ।