- ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ 3.35 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
- ਇਤਿਹਾਸਿਕ ਕ੍ਰਾਂਤੀ ਚੌਕ, ਐੱਮ ਸੀ ਪਾਰਕ, ਇਨਡੋਰ ਸਪੋਰਟਸ ਹਾਲ ਅਤੇ ਪਟਵਾਰ ਖਾਨੇ ਦੀ ਹੋਵੇਗੀ ਕਾਇਆ ਕਲਪ
- ਧੂਰੀ ਸ਼ਹਿਰ ਵਾਸੀਆਂ ਨੂੰ ਮਿਲੇਗੀ ਹਰ ਬੁਨਿਆਦੀ ਸਹੂਲਤ – ਸੁਖਵੀਰ ਅਤੇ ਢਿੱਲੋਂ
ਚੰਡੀਗੜ੍ਹ/ਧੂਰੀ, 7 ਅਕਤੂਬਰ: ਦੇਸ਼ ਕਲਿਕ ਬਿਊਰੋ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਨੂੰ ਸਰਬਪੱਖੀ ਤੌਰ ਉੱਤੇ ਵਿਕਸਤ ਕਰਨ ਅਤੇ ਸੁੰਦਰੀਕਰਨ ਦੇ ਪਹਿਲੇ ਗੇੜ ਦੀ ਸ਼ੁਰੂਆਤ ਹੋ ਗਈ ਹੈ। ਅੱਜ ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ 3 ਕਰੋੜ 35 ਲੱਖ 95 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰ ਰਾਜਵੰਤ ਸਿੰਘ ਘੁੱਲੀ, ਸ਼ਹਿਰ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਸੁਖਵੀਰ ਸਿੰਘ ਅਤੇ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਹਲਕਾ ਧੂਰੀ ਨੂੰ ਸੂਬੇ ਦਾ ਸਭ ਤੋਂ ਵਿਕਸਤ ਸ਼ਹਿਰ ਬਣਾਉਣਾ ਚਾਹੁੰਦੇ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਪਹਿਲੇ ਗੇੜ ਦੀ ਸ਼ੁਰੂਆਤ ਤਹਿਤ ਸ਼ਹਿਰ ਦੇ ਇਤਿਹਾਸਿਕ ਕ੍ਰਾਂਤੀ ਚੌਕ ਦੇ ਵਿਕਾਸ ਅਤੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਕੰਮ ਉੱਤੇ 141.39 ਲੱਖ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ 109. 48 ਲੱਖ ਰੁਪਏ ਨਾਲ ਐੱਮ ਸੀ ਪਾਰਕ ਦੀ ਕਾਇਆ ਕਲਪ ਕਰਨ ਦੇ ਨਾਲ ਨਾਲ ਸਬਜ਼ੀ ਮੰਡੀ ਨੇੜੇ ਡਾਕਟਰ ਬੀ ਆਰ ਅੰਬੇਡਕਰ ਦਾ ਬੁੱਤ ਸਥਾਪਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸ਼ਹਿਰ ਦੇ ਇਨਡੋਰ ਸਪੋਰਟਸ ਹਾਲ ਦੀ ਵੀ ਅੱਪਗਰੇਡੇਸ਼ਨ ਕੀਤੀ ਜਾਣੀ ਹੈ। ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ 27.63 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਮੌਜੂਦ ਪਟਵਾਰ ਖਾਨਾ ਇਮਾਰਤ ਨੂੰ ਵੀ ਮੁਰੰਮਤ ਉਪਰੰਤ ਅੱਪਗਰੇਡ ਕੀਤਾ ਜਾਵੇਗਾ। ਇਸ ਨੂੰ 57.45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਸੇਵਾ ਕੇਂਦਰ ਵਜੋਂ ਵਰਤਿਆ ਜਾਵੇਗਾ। ਇਸ ਸੇਵਾ ਕੇਂਦਰ ਵਿੱਚ ਐੱਸ ਡੀ ਈ (ਵਾਟਰ ਸਪਲਾਈ ਤੇ ਸੀਵਰੇਜ ਬੋਰਡ) ਦਫ਼ਤਰ ਬਣਾਉਣ ਦੇ ਨਾਲ ਨਾਲ, ਪਾਰਕ ਦੇ ਚੌਕੀਦਾਰ ਰੂਮ, ਐੱਮ ਸੀ ਦਫ਼ਤਰ ਦਾ ਵਿਸਤਾਰ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਆਪਣੇ ਹਲਕੇ ਧੂਰੀ ਦੇ ਲੋਕਾਂ ਨੂੰ ਹਰੇਕ ਬੁਨਿਆਦੀ ਸਹੂਲਤ ਮਿਲੇਗੀ। ਹਲਕੇ ਵਿੱਚ ਹੋਣ ਵਾਲੇ ਹਰੇਕ ਕੰਮ ਦੀ ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ। ਪੰਜਾਬ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਸਰਕਾਰ ਹੈ। ਪੰਜਾਬ ਸਰਕਾਰ ਹਰੇਕ ਕੰਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਸ ਲਈ ਲੋਕਾਂ ਦਾ ਬਹੁਤ ਧੰਨਵਾਦ ਹੈ।