ਸ਼ਹਿਰਾਂ ਵਿੱਚ ਆਪ ਸਰਕਾਰ ਖਿਲਾਫ ਕੀਤੇ ਜਾਣਗੇ ਰੋਸ ਮਾਰਚ : ਪੀ.ਪੀ.ਪੀ.ਐੱਫ
ਭਗਵੰਤ ਮਾਨ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਨੂੰ ਸਿਰਫ ਸਾਲ ਬਾਕੀ, ਪਰ ਪੁਰਾਣੀ ਪੈਨਸ਼ਨ ਦੇ ਆਪਣੇ ਹੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਵਿੱਚ ਰਹੀ ਹੈ ਨਾਕਾਮ – ਅਤਿੰਦਰ ਪਾਲ ਸਿੰਘ
ਪਟਿਆਲਾ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੁਰਾਣੀ ਪੈਨਸ਼ਨ ਦਾ ਤਿੰਨ ਸਾਲ ਪਹਿਲਾਂ “ਕਾਗਜ਼ੀ ਨੋਟੀਫਿਕੇਸ਼ਨ” ਜਾਰੀ ਕਰਕੇ ਲਾਗੂ ਕਰਨ ਤੋਂ ਪਿੱਛੇ ਹਟੀ ਆਪ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਸੰਘਰਸ਼ੀ ਮੋਰਚਾ ਖੋਲਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਫਰੰਟ ਵੱਲੋਂ ਜ਼ਿਲਾ ਪੱਧਰੀ ਕਨਵੈਨਸ਼ਨਾਂ ਕਰਕੇ ਪੰਜਾਬ ਸਰਕਾਰ ਖਿਲਾਫ ਸ਼ਹਿਰਾਂ ਵਿੱਚ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਜਿਲਾ ਕਨਵੀਨਰ ਸਤਪਾਲ ਸਮਾਣਵੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਵਾਜਬ ਮੰਗਾਂ ਦੇ ਹੱਲ ਲਈ ਵੱਡੀਆਂ ਉਮੀਦਾਂ ਨਾਲ਼ ਆਪ ਸਰਕਾਰ ਨੂੰ ਸੂਬੇ ਦੀ ਵਾਗਡੋਰ ਸੌਂਪੀ ਸੀ। ਸੂਬੇ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਨਕਾਮ ਰਹੀ ਭਗਵੰਤ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਮੁਲਾਜ਼ਮਾਂ ਵਿੱਚ ਤਿੱਖੀ ਨਰਾਜ਼ਗੀ ਹੈ। ਜ਼ਿਕਰਯੋਗ ਹੈ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤੇ ਜਾਣ ਦੇ ਬਾਵਜੂਦ ਤਿੰਨ ਸਾਲ ਬੀਤਣ ਮਗਰੋਂ ਵੀ ਇੱਕ ਵੀ ਐੱਨ.ਪੀ.ਐੱਸ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਮਿਲਿਆ ਹੈ। ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੇਵਲ ਅਖ਼ਬਾਰੀ ਇਸ਼ਤਿਹਾਰਾਂ ਅਤੇ ਬਿਆਨਾਂ ਤੱਕ ਹੀ ਸੀਮਤ ਹੈ। ਇਸ ਤੋਂ ਵੀ ਅੱਗੇ ਵੱਧਦਿਆਂ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਮੁਲਾਜ਼ਮ ਮਾਮਲਿਆਂ ਨੂੰ ਲੈ ਕੇ ਗਠਿਤ ਕੈਬਨਿਟ ਸਬ ਕਮੇਟੀ ਸੂਬੇ ਦੀ ਮਾੜੀ ਵਿੱਤੀ ਹਾਲਤ ਨੂੰ ਬਹਾਨਾ ਬਣਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਬਜਾਏ ਕੇਂਦਰੀ ਯੂਪੀਐੱਸ ਸਕੀਮ ਨੂੰ ਥੋਪਣ ਦੀ ਤਿਆਰੀ ਵਿੱਚ ਹਨ। ਜਿਸਨੂੰ ਐੱਨਪੀਐੱਸ ਮੁਲਾਜ਼ਮਾਂ ਨੇ ਧੁਰੋਂ ਨਕਾਰ ਦਿੱਤਾ ਹੈ। ਉਹਨਾਂ ਕੇਂਦਰੀ ਮੋਦੀ ਹਕੂਮਤ ਦੀ ਪੁਰਾਣੀ ਪੈਨਸ਼ਨ ਵੱਲ ਵੱਧਣ ਵਾਲੇ ਸੂਬਿਆਂ ਦੀ ਆਰਥਿਕ ਘੇਰਾਬੰਦੀ ਕਰਕੇ ਸੂਬਾ ਸਰਕਾਰਾਂ ਨੂੰ ਪੁਰਾਣੀ ਪੈਨਸ਼ਨ ਤੋਂ ਪਿੱਛੇ ਹੱਟਣ ਲਈ ਮਜਬੂਰ ਕਰਨ ਦੀ ਬਾਂਹਮਰੋੜਨ ਵਾਲੀ ਨੀਤੀ ਦੀ ਵੀ ਸਖਤ ਨਿਖੇਧੀ ਕੀਤੀ ਹੈ।
ਜਿਲ੍ਹਾ ਆਗੂ ਜਗਤਾਰ ਰਾਮ, ਭਰਤ ਕੁਮਾਰ ਅਤੇ ਜੀਨੀਅਸ ਨੇ ਕਿਹਾ ਕਿ ਆਪ ਸਰਕਾਰ ਦੀ ਪੈਨਸ਼ਨ ਲਾਗੂ ਕਰਨ ਦੀ ਨਕਾਮੀ ਖ਼ਿਲਾਫ਼ ਫਰੰਟ ਵੱਲੋਂ ਜਿਲਾ ਪੱਧਰੀ ਕਨਵੈਨਸ਼ਨਾਂ ਕਰਕੇ ਐੱਨ.ਪੀ.ਐੱਸ ਮੁਲਾਜਮਾਂ ਨੂੰ ਤਿੱਖੇ ਸੰਘਰਸ਼ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਉਪਰੰਤ ਆਪ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅਤੇ ਪਾਰਟੀ ਦਫਤਰਾਂ ਵੱਲ ਰੋਸ ਮਾਰਚ ਕਰਕੇ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਜਿਲਾ ਪੱਧਰੀ ਮੁਜ਼ਾਹਰਿਆਂ ਤੋਂ ਬਾਅਦ ਹਮਖਿਆਲੀ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਐੱਨਐੱਮਓਪੀਐੱਸ (NMOPS) ਦੀ 25 ਨਵੰਬਰ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਰੈਲੀ ਦਾ ਸਮਰਥਨ ਕਰਦਿਆਂ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਤੇਜ ਸਿੰਘ, ਜਗਤਾਰ ਸਿੰਘ ਪਟਿਆਲਾ ਸਮੇਤ ਡੀਟੀਐੱਫ ਵੱਲੋ ਹਰਵਿੰਦਰ ਰੱਖੜਾ, ਰਾਜਿੰਦਰ ਸਮਾਣਾ, ਜਸਪਾਲ ਚੌਧਰੀ, ਹਰਵਿੰਦਰ ਬੇਲੂਮਾਜਰਾ, ਰਾਜੀਵ ਕੁਮਾਰ ਆਦਿ ਹਾਜ਼ਰ ਰਹੇ।