ਅਧਿਕਾਰਾਂ ਦੀ ਦੁਰਵਰਤੋ ਕਰਨ ਵਾਲੇ ਸੀ.ਡੀ. ਪੀ.ਓ ਨੂੰ ਨੱਥ ਪਾਈ ਜਾਵੇ
ਚੰਡੀਗੜ੍ਹ, 13 ਅਕਤੂਬਰ 2025, ਦੇਸ਼ ਕਲਿੱਕ ਬਿਓਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਹੜ ਪ੍ਰਭਾਵਿਤ ਏਰੀਏ ਵਿੱਚ ਹੜਾਂ ਦੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਮੋਬਾਈਲ ਨਾ ਦੇਣ ਦੇ ਬਾਅਦ ਵੀ ਆਂਗਣਵਾੜੀ ਵਰਕਰਾਂ ਨੂੰ ਜਬਰਨ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਜੇਕਰ ਕਿਸੇ ਵਰਕਰ ਵੱਲੋਂ ਸਾਧਨ ਨਾ ਹੋਣ ਕਾਰਨ ਕੰਮ ਤੋਂ ਮਨਾ ਕੀਤਾ ਤਾਂ ਉਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ । ਇਸ ਕਾਰਗੁਜ਼ਾਰੀ ਨੂੰ ਅੰਜਾਮ ਅਜਨਾਲਾ ਸੀਡੀਪੀਓ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਦਿੱਤਾ ਗਿਆ । ਜੋ ਕਿ ਬਹੁਤ ਹੀ ਨਿੰਦਨ ਯੋਗ ਹੈ ਅਤੇ ਉਸਦਾ ਹਿਟਲਰ ਸ਼ਾਹੀ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਮੰਗ ਕਰਦੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਸੀ.ਡੀ.ਪੀ.ਓ ਖਿਲਾਫ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਆਂਗਣਵਾੜੀ ਵਰਕਰਾਂ ਦੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ।
ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਊਸ਼ਾ ਰਾਣੀ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਇਸ ਲਈ ਹੁੰਦੇ ਹੋਏ ਕਿਹਾ ਕਿ ਇਥੇ ਦੱਸਣਾ ਬਣਦਾ ਹੈ ਕਿ ਜਿਸ ਦਿਨ ਦੀਆਂ ਨਵੀਆਂ ਹਦਾਇਤਾਂ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਕੁਝ ਅਧਿਕਾਰੀਆਂ ਵੱਲੋਂ ਇਨਾਂ ਨਿਯਮਾਂ ਨੂੰ ਆਂਗਣਵਾੜੀ ਵਰਕਰਾਂ ਲਈ ਗਲ ਦਾ ਫੰਦਾ ਬਣਾਇਆ ਜਾ ਰਿਹਾ ਹੈ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਾਧਨ ਹੀ ਅਜੇ ਤੱਕ ਨਹੀਂ ਦਿੱਤੇ ਗਏ ਤਾਂ ਸੇਵਾਵਾਂ ਖਤਮ ਕਰਨ ਦਾ ਅਧਿਕਾਰ ਵੀ ਕਿਸੇ ਅਧਿਕਾਰੀ ਨੂੰ ਨਹੀਂ ਹੈ ।
ਟਰੇਡ ਯੂਨੀਅਨ ਅਧਿਕਾਰ 1926 ਦੇ ਤਹਿਤ ਹਰ ਟਰੇਡ ਯੂਨੀਅਨ ਦੇ ਮੈਂਬਰ ਨੂੰ ਹੱਕ ਹੈ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾ ਸਕਦਾ ਹੈ ਪਰ ਅਫਸਰ ਸ਼ਾਹੀ ਵੱਲੋਂ ਮੰਗਾਂ ਨਾ ਮੰਨਦੇ ਹੋਏ ਉਲਟਾ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ । ਹੜਾਂ ਦੇ ਦੌਰਾਨ ਆਣਾ ਜਾਣਾ ਵੀ ਮੁਸ਼ਕਿਲ ਹੈ ਤਾਂ ਉੱਥੇ ਐਫ.ਆਰ.ਐਸ ਬਿਨਾਂ ਇੰਟਰਨੈਟ ਅਤੇ ਮੋਬਾਇਲ ਦੇ ਕਿਵੇਂ ਹੋ ਸਕਦੀ ਹੈ। ਆਂਗਣਵਾੜੀ ਵਰਕਰਾਂ ਨਾਲ ਲਗਾਤਾਰ ਬਿਨਾਂ ਸਾਧਨ ਦਿੱਤੇ ਤਾੜਨਾ ਪੱਤਰ ਕੱਢਣਾ, ਚਾਰਜ ਸ਼ੀਟ ਕਰਨਾ ਜਾਂ ਸੇਵਾਵਾਂ ਖਤਮ ਕਰਨਾ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹੈ। ਜਿਸ ਨੂੰ ਲੈ ਕੇ ਪੰਜਾਬ ਭਰ ਵਿੱਚ ਅੰਦੋਲਨ ਕਰਦੇ ਹੋਏ ਸੀ.ਡੀ.ਪੀ.ਓ ਅਜਨਾਲਾ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜ਼ਿਲਾ ਡਿਪਟੀ ਕਮਿਸ਼ਨਰਾਂ ਰਾਹੀਂ 14/10/2025 ਨੂੰ ਜਿਲ੍ਹਿਆਂ ਤੋਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜਿਆ ਜਾਵੇਗਾ।
ਵਿਭਾਗ ਦੇ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਵੱਲੋਂ 13 ਅਕਤੂਬਰ ਨੂੰ ਮੰਗਾਂ ਸੁਣ ਕੇ ਹਲ ਤੱਕ ਲੈ ਕੇ ਜਾਣ ਵਾਸਤੇ ਜੋ ਬੈਠਕ ਮੁਲਤਵੀ ਕੀਤਾ ਗਿਆ ਹੈ। ਮੁਲਤਵੀ ਮੀਟਿੰਗ ਜਿੰਨਾ ਚਿਰ ਦੁਬਾਰਾ ਨਹੀਂ ਹੁੰਦੀ ਉਨੀ ਦੇਰ ਆਉਣ ਲਾਈਨ ਕੰਮ ਦੀ ਹੜਤਾਲ ਜਾਰੀ ਰਹੇਗੀ ।
