ਚੰਡੀਗੜ੍ਹ, 16 ਅਕਤੂਬਰ 2025, ਦੇਸ਼ ਕਲਿੱਕ ਬਿਓਰੋ :
ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁਲਾਜ਼ਮਾ ਨੇ ਦਿਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾ ਪੂਰੀਆਂ ਨਾ ਹੋਣ ਕਾਰਨ ਦੇ ਰੋਸ ਵੱਜੋਂ ਇਕ ਜ਼ੋਰਦਾਰ ਰੈਲੀ ਕੀਤੀ। ਇਸ ਰੈਲੀ ਵਿਚ ਵੱਡੀ ਗਿਣਤੀ ਵਿੱਚ ਮੁਲਾਜ਼ਮਾ ਵੱਲੋ ਸ਼ਮੂਲੀਅਤ ਕੀਤੀ ਗਈ। ਰੈਲੀ ਦੌਰਾਨ ਮੁਲਾਜਮਾਂ ਨੇ ਸਰਕਾਰ ਪ੍ਰਤੀ ਗੁੱਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਦਿਵਾਲੀ ਤੋਂ ਪਹਿਲਾਂ ਸਰਕਾਰ ਤੋਂ ਕੁੱਝ ਮਿਲਣ ਦੀ ਆਸ ਹੁੰਦੀ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਦਿਵਾਲੀ ਦੇ ਖੁਸ਼ੀਆਂ ਭਰੇ ਮੌਕੇ ਤੇ ਮੁਲਾਜ਼ਮਾਂ ਨੂੰ ਕੁੱਝ ਦੇਣ ਦਾ ਨਾ ਤਾਂ ਐਲਾਨ ਹੋਇਆ ਹੈ ਅਤੇ ਨਾ ਹੀ ਇਸ ਬਾਰੇ ਸਰਕਾਰ ਵੱਲੋਂ ਕੁੱਝ ਸੋਚਿਆਂ ਵਿਚਾਰਿਆ ਜਾ ਰਿਹਾ ਹੈ। ਹੁਣ ਜਦੋਂ ਮਾਨਯੋਗ ਹਾਈ ਕੋਰਟ, ਪੰਜਾਬ ਦੇ ਗੁਆਂਢੀ ਰਾਜਾ ਜਿਵੇਂ ਕਿ ਹਿਮਾਚਲ ਅਤੇ ਹਰਿਆਣਾ ਦੀਆਂ ਸਰਕਾਰ ਨੇ ਵੀ ਆਪਣੇ ਰਾਜ ਦੇ ਕਰਮਚਾਰੀਆਂ ਨੂੰ ਡੀ ਏ ਅਤੇ ਹੋਰ ਵਿੱਤੀ ਲਾਭ ਦਿੱਤੇ ਹਨ, ਉਥੇ ਹੀ ਪੰਜਾਬ ਸਰਕਾਰ ਦੇ ਕਰਮਚਾਰੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਜਿਥੋਂ ਤੱਕ ਡੀ.ਏ ਦੀ ਮੰਗ ਹੈ ਮੁਲਾਜ਼ਮਾ ਦਾ ਮੰਨਣਾ ਹੈ ਕਿ ਇਹ ਕੋਈ ਮੰਗ ਨਹੀਂ ਹੈ ਇਹ ਤਾ ਤਨਖਾਹ ਦਾ ਹੀ ਹਿੱਸਾ ਹੈ ਅਤੇ ਪੰਜਾਬ ਦੇ ਖਜਾਨੇ ਵਿਚੋਂ ਜੇਕਰ ਆਈ.ਏ.ਐਸ ਅਫਸਰਾਂ ਨੂੰ ਡੀ.ਏ ਦੀਆਂ ਸਾਰੀਆਂ ਕਿਸ਼ਤਾ ਦਿਤੀਆਂ ਜਾ ਸਕਦੀਆਂ ਹਨ ਤਾ ਬਾਕੀ ਮੁਲਾਜ਼ਮਾ ਨੂੰ ਕਿਊਂ ਨਹੀਂ।
ਇਹ ਵੀ ਪੜ੍ਹੋ : ਪੰਜਾਬ ਦੇ ਗੁਆਂਢੀ ਸੂਬਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ, DA ’ਚ ਵਾਧਾ
ਮੁਲਾਜਮ ਆਗੂ ਸ਼ੁਸੀਲ ਫੌਜੀ ਨੇ ਕਿਹਾ ਕੀ ਕਿਨੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ ਮੁਲਾਜਮਾਂ ਦਾ 16 ਪ੍ਰਤੀਸ਼ਤ ਡੀ.ਏ ਦੀਆਂ ਚਾਰ ਕਿਸ਼ਤਾਂ ਦੱਬੀ ਬੈਠੀ ਹੈ। ਸਕੱਤਰੇਤ ਦੇ ਮੁਲਾਜਮ ਆਗੂਆਂ ਨੇ ਆਪਣੀਆਂ ਤਕਰੀਰਾਂ ਵਿਚ ਪੇਅ ਕਮਿਸ਼ਨ ਦਾ ਏਰੀਅਰ ਵੀ ਮੰਗ ਕੀਤੀ। ਰੈਲੀ ਵਿਚ ਆਗੂਆਂ ਵੱਲੋਂ ਨਵੇਂ ਮੁਲਾਜਮਾਂ ਨਾਲ ਹੋ ਰਹੇ ਸੋਸ਼ਣ ਦੀ ਗੱਲ ਜ਼ੋਰ ਨਾਲ ਕੀਤੀ ਗਈ ਕੀ ਸਰਕਾਰ ਵੱਲੋਂ 2020 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਕੇਂਦਰ ਦਾ ਘੱਟ ਪੇਅ ਸਕੇਲ ਦਿੱਤਾ ਜਾ ਰਿਹਾ ਹੈ ਜਦੋਂ ਕੀ ਕੇਂਦਰ ਵੱਲੋਂ ਦਿਤੇ ਜਾ ਰਹੇ ਵੱਧ ਭੱਤਿਆ ਦੀ ਥਾਂ ਤੇ ਪੰਜਾਬ ਸਰਕਾਰ ਵੱਲੋਂ ਘੱਟ ਭੱਤੇ ਦੇ ਕੇ ਇਹਨਾ ਮੁਲਾਜਮਾਂ ਨੂੰ ਦੋਹਰੀ ਮਾਰ ਮਾਰੀ ਜਾ ਰਿਹਾ ਹੈ। ਇਸੇ ਤਰਾਂ 2016 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੇ ਕਮਿਸ਼ਨ ਦਾ 15 ਪ੍ਰਤੀਸ਼ਤ ਦਾ ਲਾਭ ਬੰਦ ਕਰ ਕੇ ਵੀ ਉਹਨਾ ਨਾਲ ਵੀ ਵਿਤਕਰਾ ਕੀਤਾ ਗਿਆ ਹੈ।
ਆਗੂਆਂ ਨੇ ਮੰਗ ਕੀਤੀ ਗਈ ਕੀ ਗੁਲਾਮੀ ਦੀ ਪ੍ਰਤੀਕ ਆਊਟਸੋਰਸ ਪ੍ਰਥਾ ਅਤੇ ਠੇਕੇ ਦੀ ਭਰਤੀ ਦੀ ਥਾਂ ਤੇ ਸਰਕਾਰ ਨੂੰ ਇਹਨਾ ਮੁਲਾਜਮਾਂ ਨੂੰ ਸਰਕਾਰੀ ਪਾਲਸੀ ਬਣਾ ਕੇ ਇਹਨਾ ਦੇ ਪੱਕੇ ਰੁਜ਼ਗਾਰ ਦਿਤਾ ਜਾਵੇ। ਮੁਲਾਜਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਵੱਲ ਧਿਆਨ ਨਾ ਦਿੱਤਾ, ਤਾਂ ਇਹ ਆੰਦੋਲਨ ਹੋਰ ਤੀਬਰ ਰੂਪ ਧਾਰਨ ਕਰੇਗਾ। ਇਸ ਰੈਲੀ ਵਿਚ ਸੁਖਚੈਨ ਖਹਿਰਾ, ਸੁ਼ਸੀਲ ਫੋਜੀ, ਮਨਜੀਤ ਸਿੰਘ ਰੰਧਾਵਾ, ਪਰਮਦੀਪ ਸਿੰਘ ਭਬਾਤ, ਕੁਲਵੰਤ ਸਿੰਘ, ਅਲਕਾ ਚੋਪੜਾ, ਮਲਕੀਤ ਸਿੰਘ ਔਜਲਾ, ਜਸਬੀਰ ਕੌਰ , ਸਾਹਿਲ ਸ਼ਰਮਾ, ਮਿਥੁਨ ਚਾਵਲਾ, ਮਨਵੀਰ ਸਿੰਘ, ਸਨਦੀਪ ਕੋਸ਼ਲ, ਸਨਦੀਪ ਕੁਮਾਰ, ਬਲਰਾਜ ਸਿੰਘ ਦਾਊਂ, ਜਗਤਾਰ ਸਿੰਘ, ਬਜਰੰਗ ਯਾਦਵ ਆਦਿ ਨੇ ਆਪਣੇ ਵਿਚਾਰ ਰੱਖੇ।