- ਖੰਗੂੜਾ–ਕਾਹਲੋਂ ਗਰੁੱਪ (ਲਾਲ ਰੰਗ ਵਾਲੀ ਟੀਮ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ ਵਿੱਚ ਦਰਜ ਕੀਤੀ ਇਤਿਹਾਸਕ ਜਿੱਤ
ਮੋਹਾਲੀ, 17 ਅਕਤੂਬਰ: ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਖੰਗੂੜਾ–ਕਾਹਲੋਂ ਗਰੁੱਪ (ਲਾਲ ਟੀਮ) ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਬੋਰਡ ਦੇ ਹਜ਼ਾਰਾਂ ਕਰਮਚਾਰੀਆਂ ਦਾ ਭਰੋਸਾ ਇਕ ਵਾਰ ਫਿਰ ਜਿੱਤਿਆ ਹੈ।
ਗਰੁੱਪ ਦੇ ਉਮੀਦਵਾਰਾਂ ਨੇ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਇਹ ਸਾਬਤ ਕੀਤਾ ਹੈ ਕਿ ਮੁਲਾਜ਼ਮਾਂ ਨੇ ਸੱਚ, ਇਮਾਨਦਾਰੀ ਅਤੇ ਜਥੇਬੰਦੀ ਦੀ ਏਕਤਾ ਤੇ ਮੋਹਰ ਲਾਈ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਦਫ਼ਤਰ ਅਤੇ ਖੇਤਰੀ ਦਫ਼ਤਰ ਅਤੇ ਆਦਰਸ਼ ਸਕੂਲਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਇਹ ਜਿੱਤ ਹਰ ਉਸ ਕਰਮਚਾਰੀ ਦੀ ਜਿੱਤ ਹੈ ਜਿਸ ਨੇ ਨਿੱਜੀ ਹਿੱਤਾਂ ਤੋਂ ਉੱਪਰ ਚੜ੍ਹ ਕੇ ਬੋਰਡ ਦੀ ਏਕਤਾ ਅਤੇ ਹਿੱਤਾਂ ਲਈ ਵੋਟ ਪਾਈ।
ਉਹਨਾਂ ਕਿਹਾ “ਅਸੀਂ ਇਹ ਵਾਅਦਾ ਕਰਦੇ ਹਾਂ ਕਿ ਬੋਰਡ ਦੇ ਹਰੇਕ ਮੁਲਾਜ਼ਮ ਦੀ ਆਵਾਜ਼ ਬਣਾਂਗੇ। ਸਾਰੀਆਂ ਅਧੂਰੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੂਰੀ ਮਿਹਨਤ ,ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਸੇਵਾ ਸਾਡੇ ਕਾਰਜਕਾਲ ਦੀ ਪਹਿਚਾਣ ਹੋਵੇਗੀ।”
ਗਰੁੱਪ ਨੇ ਇਸ ਜਿੱਤ ਲਈ ਸਾਰੇ ਮੁਲਾਜ਼ਮ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਵੇਂ ਚੋਣ ਸਮੇਂ ਏਕਤਾ ਦਿਖਾਈ ਗਈ ਹੈ,ਉਸੇ ਜਜ਼ਬੇ ਨਾਲ ਅੱਗੇ ਵੀ ਬੋਰਡ ਦੇ ਵਿਕਾਸ ਅਤੇ ਕਰਮਚਾਰੀ ਹਿੱਤਾਂ ਲਈ ਕੰਮ ਜਾਰੀ ਰਹੇਗਾ।