ਡੀਐਸਪੀ ਦਫਤਰ ਦੇ ਟਾਵਰ ਉੱਤੇ ਚੜ੍ਹਿਆ ਨੌਜਵਾਨ

ਪੰਜਾਬ
  • ਪਰਿਵਾਰਕ ਸਮੱਸਿਆਵਾਂ ਕਾਰਨ ਜੀਵਨ ਤੋਂ ਨਿਰਾਸ਼

ਚਮਕੌਰ ਸਾਹਿਬ/ ਮੋਰਿੰਡਾ , 22 ਅਕਤੂਬਰ (ਭਟੋਆ)

ਇੱਥੋਂ ਦੇ ਡੀਐਸਪੀ ਦਫਤਰ ਵਿਚ ਲੱਗੇ ਬੀਐਸਐਨਐਲ ਦੇ ਟਾਵਰ ਉੱਤੇ ਕਾਲੀ ਨਾਮਕ ਨੌਜਵਾਨ ਨੇ ਨਸ਼ੇ ਦੀ ਹਾਲਤ ਵਿੱਚ ਚੜ੍ਹ ਕੇ ਸ਼ਹਿਰ ਵਿੱਚ ਹੜਕੰਪ ਮਚਾ ਦਿੱਤਾ। ਇਹ ਵਾਕਿਆ ਲਗਭਗ ਪੰਜ ਵਜੇ ਦੇ ਆਸਪਾਸ ਦਾ ਹੈ , ਜਿਸ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਤੇ ਰੈਸਕਿਊ ਟੀਮਾਂ ਨੂੰ ਵੀ ਮੌਕੇ ‘ਤੇ ਲਾਇਆ ਗਿਆ।

ਮੌਕੇ ’ਤੇ ਮੌਜੂਦ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਨੌਜਵਾਨ ਦੀ ਹਾਲਤ ਬਹੁਤ ਦੈਨੀਯ ਸੀ। ਕਾਲੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਵਿਆਹਤਾ ਪਤਨੀ ਨਾਲ ਰਿਸ਼ਤਾ ਲੰਬੇ ਸਮੇਂ ਤੋਂ ਤਣਾਅਪੂਰਨ ਚਲ ਰਿਹਾ ਹੈ। ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਸੀ, ਅਤੇ ਉਸ ਦੀ ਬੇਟੀ , ਉਸਦੀ ਮਾਂ ਕਮਲਾ ਕੋਲ ਰਹਿੰਦੀ ਹੈ, ਜਿਸ ਕਰਕੇ ਨੌਜਵਾਨ ਆਪਣੇ ਆਪ ਨੂੰ ਇਕੱਲਾ ਅਤੇ ਤਣਾਅ ਵਿੱਚ ਮਹਿਸੂਸ ਕਰ ਰਿਹਾ ਸੀ।

ਟਾਵਰ ਉੱਤੇ ਚੜ੍ਹੇ ਨੌਜਵਾਨ ਕਾਲੀ ਨੇ ਪਹਿਲਾਂ ਵੀ ਅਜਿਹੀ ਹਰਕਤਾਂ ਕੀਤੀਆਂ ਹਨ। ਇਹ ਪਹਿਲਾ ਮੌਕਾ ਨਹੀਂ, ਜਦੋ ਉਹ ਅਜਿਹਾ ਕਰ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਉਹ 2-3 ਵਾਰੀ ਟਾਵਰ ਉੱਤੇ ਚੜ੍ਹ ਚੁੱਕਾ ਹੈ। ਉਨ੍ਹਾਂ ਵਾਰਦਾਤਾਂ ਵਿੱਚ ਵੀ ਉਸ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸੇ ਤਰੀਕੇ ਅਪਣਾਏ ਗਏ। ਇਸ ਵਾਰ ਉਹ ਮੰਗ ਕਰ ਰਿਹਾ ਹੈ ਕਿ ਉਸ ਦਾ ਲਾਇਸੈਂਸ ਬਣਾਇਆ ਜਾਵੇ ਅਤੇ ਆਪਣੇ ਘਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਈ ਮਦਦ ਕੀਤੀ ਜਾਵੇ।

ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਸ ਨੌਜਵਾਨ ਦੀ ਮਾਂ ਦੀ ਹਾਲਤ ਵੀ ਬਹੁਤ ਮੰਦੀ ਹੈ। ਪਰਿਵਾਰਕ ਸਰੋਤਾਂ ਨੇ ਦੱਸਿਆ ਕਿ ਉਸਦਾ ਮਕਾਨ ਵੀ ਡਿੱਗ ਚੁੱਕਾ ਹੈ, ਜਿਸ ਲਈ ਉਹਨਾਂ ਵਲੋਂ ਸਰਕਾਰੀ ਮਦਦ ਲਈ ਅਰਜ਼ੀਆਂ ਵੀ ਦਿੱਤੀਆਂ ਗਈਆਂ, ਪਰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ।ਜਿਸ ਕਾਰਨ ਮਾਂ ਲਗਾਤਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਹੀ ਹੈ, ਪਰ ਅਜੇ ਤੱਕ ਨਤੀਜਾ ਜੀਰੋ ਰਿਹਾ ਹੈ।

ਟਾਵਰ ਉੱਤੇ ਚੜ੍ਹੇ ਨੌਜਵਾਨ ਨੂੰ ਥੱਲੇ ਉਤਾਰਨ ਲਈ ਥਾਣਾ ਇੰਚਾਰਜ SHO ਗੁਰਪ੍ਰੀਤ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਸਮੇਤ ਉਸ ਦੀ ਮਾਂ ਮੌਕੇ ’ਤੇ ਮੌਜੂਦ ਹਨ, ਜੋ ਲਗਾਤਾਰ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਵੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਵੀ ਉਕਤ ਨੌਜਵਾਨ ਨੂੰ ਟਾਵਰ ਤੋਂ ਥੱਲੇ ਨਹੀਂ
ਉਤਾਰਿਆ ਜਾ ਸਕਿਆ ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਹਰਕਤ ਸਿਰਫ਼ ਨਿੱਜੀ ਜ਼ਿੰਦਗੀ ਦੀ ਮੁਸ਼ਕਿਲ ਨਹੀਂ, ਸਗੋਂ ਜਨਤਕ ਸੁਰੱਖਿਆ ਲਈ ਵੀ ਖ਼ਤਰਾ ਹੈ।ਇਸ ਨੌਜਵਾਨ ਖ਼ਿਲਾਫ ਪਹਿਲਾਂ ਵੀ ਕੇਸ ਦਰਜ ਹਨ ਅਤੇ ਹੁਣ ਇਹ ਵਾਰਦਾਤ ਵੀ ਉਸ ਦੇ ਰਿਕਾਰਡ ਵਿੱਚ ਜੋੜੀ ਜਾਵੇਗੀ। ਉਸ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਮਾਮਲੇ ਦੀ ਜਾਂਚ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਦੀ ਮਦਦ ਨਾਲ ਵੀ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।