ਨਵੀਂ ਦਿੱਲੀ, 24 ਅਕਤੂਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਵਿੱਚ ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦੇਣ ਲਈ ਦਿੱਲੀ ਸਰਕਾਰ ਵੱਲੋਂ ਦਿੱਲੀ ਵਿੱਚ ਨਕਲੀ ਮੀਂਹ ਪਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਉਣ ਵਾਲੇ ਕੁਝ ਦਿਨਾਂ ਵਿੱਚ ਦਿੱਲੀ ਵਿਖੇ ਨਕਲੀ ਮੀਂਹ (artificial rain) ਪਵਾਇਆ ਜਾ ਸਕਦਾ ਹੈ। ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਦੱਸਿਆ ਕਿ ਨਕਲੀ ਮੀਂਹ ਪਵਾਉਣ ਲਈ ਟਰਾਇਲ ਹੋ ਚੁੱਕਿਆ ਹੈ, ਜੋ ਇਤਿਹਾਸਕ ਹੈ।
ਉਨ੍ਹਾਂ ਕਿਹਾ ਕਿ ਸਰਕਾਰ 29 ਅਕਤੂਬਰ ਨੂੰ ਨਕਲੀ ਮੀਂਹ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। 29 ਤਾਰੀਕ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਮੌਸਮ ਵਿਭਾਗ ਨੇ ਉਸ ਦਿਨ ਦਿੱਲੀ ਵਿੱਚ ਬੱਦਲ ਛਾਏ ਰਹਿਣ ਦਾ ਅਨੁਮਾਨ ਲਗਾਇਆ ਹੈ। 28, 29, 30 ਅਕਤੂਬਰ ਨੂੰ ਦਿੱਲੀ ਉਪਰ ਬੱਦਲ ਛਾਏ ਰਹਿਣਗੇ। ਅਜਿਹੇ ਵਿੱਚ ਮੀਂਹ ਕਰਾਉਣ ਵਿੱਚ ਜ਼ਿਆਦਾ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ 29 ਅਕਤੂਬਰ ਨੂੰ ਨਕਲੀ ਮੀਂਹ ਕਰਾਉਣ ਲਈ ਸਰਕਾਰ ਭੌਤਿਕ ਪ੍ਰੀਖਿਣ ਨਾਲ ਬਿਲਕੁਲ ਤਿਆਰ ਹੈ। ਕਲਾਊਂਡ ਸੀਡਿੰਗ ਟਰਾਇਲ ਨੂੰ ਲੈ ਕੇ ਦਿੱਲੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਰਾਜਧਾਨੀ ਵਿੱਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਇਹ ਨਕਲੀ ਮੀਂਹ ਕਰਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮਾਹਿਰਾਂ ਵੱਲੋਂ ਬੁਰਾੜੀ ਖੇਤਰ ਵਿੱਚ ਵੀਰਵਾਰ ਨੂੰ ਕਲਾਉਡ ਸੀਡਿੰਗ ਕਰਾਉਣ ਦਾ ਸਫਲ ਟਰਾਇਲ ਵੀ ਕੀਤਾ ਗਿਆ ਹੈ।




