- ਨਾਬਾਲਗ ਹੱਥ ਜੋੜ ਕੇ ਬੇਨਤੀ ਕਰਦੇ ਰਹੇ, ਵੀਡੀਓ ਸਾਹਮਣੇ ਆਇਆ
ਮੋਹਾਲੀ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਪੰਜ ਨਾਬਾਲਗ ਮੁੰਡਿਆਂ ਨੂੰ ਸੜਕ ‘ਤੇ ਕੱਪੜੇ ਉਤਾਰ ਕੇ ਮੁਰਗੇ ਬਣਾ ਕੇ ਕੁੱਟਣ ਦੀ ਇੱਕ ਖਬਰ ਸ੍ਹਾਮਣੇ ਆਈ ਹੈ। ਇਹ ਮਾਮਲਾ ਮੋਹਾਲੀ ਦਾ ਹੈ। ਇਨ੍ਹਾਂ ਨਾਬਾਲਗ ਮੁੰਡਿਆਂ ਦਾ ਕਸੂਰ ਬਸ ਇਨ੍ਹਾਂ ਸੀ ਕਿ ਇਨ੍ਹਾਂ ਨੇ ਇੱਕ ਦੁਕਾਨ ਤੋਂ ਬਿਸਕੁਟ ਚੋਰੀ ਕਰਕੇ ਖਾ ਲਏ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਬੱਚੇ ਹੱਥ ਜੋੜ ਕੇ ਰਹਿਮ ਦੀ ਅਪੀਲ ਵੀ ਕਰ ਰਹੇ ਹਨ, ਪਰ ਲੋਕ ਨਹੀਂ ਰੁਕੇ।
ਇਸ ਘਟਨਾ ਤੋਂ ਬਾਅਦ ਪਰਿਵਾਰਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਹਾਲਾਂਕਿ, ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਵਾਪਰੀ।
ਵੀਡੀਓ ਅੱਜ ਸ਼ੁੱਕਰਵਾਰ 24 ਅਕਤੂਬਰ ਨੂੰ ਸਾਹਮਣੇ ਆਈ ਹੈ। ਇਹ ਘਟਨਾ 21 ਤਰੀਕ ਦੀ ਰਾਤ ਨੂੰ ਵਾਪਰੀ ਸੀ। ਜਿਨ੍ਹਾਂ ਮੁੰਡਿਆਂ ਨੂੰ ਕੁੱਟਿਆ ਗਿਆ ਉਨ੍ਹਾਂ ਦੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਹੈ। ਪਿੰਡ ਭੁੱਡਾ ਸਾਹਿਬ ਦੇ ਪੰਜ ਮੁੰਡੇ ਵੀਆਈਪੀ ਰੋਡ ‘ਤੇ ਪਹੁੰਚੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਮੁੰਡਿਆਂ ਨੇ ਇੱਕ ਦੁਕਾਨ ਤੋਂ ਬਿਸਕੁਟ ਦਾ ਪੈਕੇਟ ਚੋਰੀ ਕਰਕੇ ਖਾ ਲਿਆ। ਇਸ ਨਾਲ ਦੁਕਾਨਦਾਰ ਅਤੇ ਆਲੇ-ਦੁਆਲੇ ਦੇ ਲੋਕ ਗੁੱਸੇ ਵਿੱਚ ਆ ਗਏ ਅਤੇ ਮੁੰਡਿਆਂ ਦੀ ਕੁੱਟਮਾਰ ਕੀਤੀ।
ਇਸ ਮਾਮਲੇ ‘ਚ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਸਤਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਵੀਡੀਓ ਸਾਹਮਣੇ ਆਈ ਹੈ। ਸਾਰਿਆਂ ਖ਼ਿਲਾਫ਼ ਹਮਲਾ, ਧਮਕੀ ਅਤੇ ਅਸ਼ਲੀਲ ਵਿਵਹਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।




