- ਅੰਮ੍ਰਿਤਸਰ ਤੋਂ ਮਨਵੀਰ ਕੌਰ ਟੀਮ ਦੀ ਉਪ-ਕਪਤਾਨ
ਚੰਡੀਗੜ੍ਹ, 25 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਭਾਰਤੀ ਟੀਮ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੇ ਮਹਿਲਾ ਬੇਸਬਾਲ ਏਸ਼ੀਆ ਕੱਪ ਲਈ ਰਵਾਨਾ ਹੋ ਗਈ ਹੈ। ਭਾਰਤੀ ਬੇਸਬਾਲ ਟੀਮ ਵਿੱਚ ਪੰਜਾਬ ਦੀਆਂ ਪੰਜ ਕੁੜੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਟੀਮ ਦੀ ਅੰਮ੍ਰਿਤਸਰ ਖਿਡਾਰਨ ਮਨਵੀਰ ਕੌਰ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮਹਿਲਾ ਬੇਸਬਾਲ ਟੀਮ 1 ਅਕਤੂਬਰ ਤੋਂ 2 ਨਵੰਬਰ ਤੱਕ ਚੀਨ ਵਿੱਚ ਵੱਖ-ਵੱਖ ਦੇਸ਼ਾਂ ਵਿਰੁੱਧ ਮੈਚ ਖੇਡੇਗੀ।
ਭਾਰਤੀ ਮਹਿਲਾ ਬੇਸਬਾਲ ਟੀਮ ਨੇ ਏਸ਼ੀਆ ਕੱਪ ਲਈ ਲੁਧਿਆਣਾ ਵਿੱਚ ਕੈਂਪ ਲਗਾਇਆ ਗਿਆ ਸੀ। ਪੰਜਾਬ ਬੇਸਬਾਲ ਟੀਮ ਦੇ ਕੋਚ ਅਤੇ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ 20 ਖਿਡਾਰੀਆਂ ਦੀ ਟੀਮ ਏਸ਼ੀਆ ਕੱਪ ਲਈ ਰਵਾਨਾ ਹੋਈ, ਜਿਨ੍ਹਾਂ ਵਿੱਚੋਂ ਪੰਜ ਪੰਜਾਬ ਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਟੀਮ ਲੁਧਿਆਣਾ ਵਿੱਚ ਅਭਿਆਸ ਕਰਨ ਤੋਂ ਬਾਅਦ ਚੀਨ ਲਈ ਰਵਾਨਾ ਹੋ ਗਈ।
ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਏਸ਼ੀਆਈ ਮਹਾਂਦੀਪ ਦੀਆਂ 10 ਚੋਟੀ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਲਈ ਮਹਾਰਾਸ਼ਟਰ ਦੀ ਖਿਡਾਰਨ ਰੇਸ਼ਮਾ ਸ਼ਿਵਾਜੀ ਪੁਣੇਕਰ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ, ਜਦੋਂ ਕਿ ਪੰਜਾਬ ਦੀ ਮਨਵੀਰ ਕੌਰ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ। ਟੂਰਨਾਮੈਂਟ ਵਿੱਚ ਚੀਨ, ਚੀਨੀ ਤਾਈਪੇ, ਹਾਂਗ ਕਾਂਗ, ਜਾਪਾਨ, ਦੱਖਣੀ ਕੋਰੀਆ, ਫਿਲੀਪੀਨਜ਼, ਇੰਡੋਨੇਸ਼ੀਆ, ਭਾਰਤ, ਸ਼੍ਰੀਲੰਕਾ ਅਤੇ ਥਾਈਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਟੀਮ ਲਈ ਚੁਣੀਆਂ ਗਈਆਂ ਪੰਜ ਖਿਡਾਰਨਾ ਵਿੱਚੋਂ ਦੋ ਲੁਧਿਆਣਾ ਤੋਂ, ਦੋ ਅੰਮ੍ਰਿਤਸਰ ਤੋਂ ਅਤੇ ਇੱਕ ਫਿਰੋਜ਼ਪੁਰ ਤੋਂ ਹੈ। ਕੋਚ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਗਰੀਬ ਪਰਿਵਾਰਾਂ ਤੋਂ ਹਨ।




