ਦੇਸ਼ ਕਲਿੱਕ ਬਿਓਰੋ :
ਹਸਪਤਾਲ ਸਟਾਫ ਦੀ ਅਣਗਹਿਲੀ ਨੇ 5 ਬੱਚਿਆਂ ਦੀ ਜ਼ਿੰਦਗੀ ਨੂੰ ਹੋਰ ਖਤਰੇ ਵਿੱਚ ਪਾ ਦਿੱਤਾ ਹੈ। ਹਸਪਤਾਲ ਦੀ ਅਣਗਹਿਲੀ ਕਾਰਨ ਬੱਚਿਆਂ ਨੂੰ HIV ਪਾਜ਼ਿਟਿਵ ਖੂਨ ਚੜ੍ਹਾ ਦਿੱਤਾ ਗਿਆ। ਝਾਰਖੰਡ ਦੇ ਚਾਈਬਾਸਾ ਸਦਰ ਹਸਪਤਾਲ ਵਿੱਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਐੱਚਆਈਵੀ-ਪਾਜ਼ਿਟਿਵ ਖੂਨ ਚੜ੍ਹਾਉਣ ਦਾ ਮਾਮਲਾ ਸ਼ਨੀਵਾਰ ਨੂੰ ਹੋਰ ਗੰਭੀਰ ਹੋ ਗਿਆ। ਚਾਰ ਹੋਰ ਬੱਚਿਆਂ ਦੇ ਟੈਸਟ ਪਾਜ਼ਿਟਿਵ ਆਏ, ਜਿਸ ਨਾਲ ਸੰਕਰਮਿਤ ਬੱਚਿਆਂ ਦੀ ਕੁੱਲ ਗਿਣਤੀ ਪੰਜ ਹੋ ਗਈ।
ਹਾਈ ਕੋਰਟ ਦੇ ਨੋਟਿਸ ਤੋਂ ਬਾਅਦ, ਰਾਂਚੀ ਤੋਂ ਸਿਹਤ ਵਿਭਾਗ ਦੀ ਇੱਕ ਟੀਮ ਸ਼ਨੀਵਾਰ ਨੂੰ ਚਾਈਬਾਸਾ ਪਹੁੰਚੀ। ਜਾਂਚ ਤੋਂ ਬਾਅਦ, ਅਧਿਕਾਰੀਆਂ ਨੇ ਕਿਹਾ, “ਇੱਕ ਹਫ਼ਤੇ ਦੇ ਅੰਦਰ ਸਦਰ ਹਸਪਤਾਲ ਦੇ ਏਆਰਟੀ (ਐਂਟੀ-ਰੇਟਰੋਵਾਇਰਲ ਥੈਰੇਪੀ) ਸੈਂਟਰ ਵਿੱਚ ਪੰਜ ਬੱਚਿਆਂ ਦੇ ਐੱਚਆਈਵੀ-ਪਾਜ਼ਿਟਿਵ ਟੈਸਟ ਕੀਤੇ ਗਏ ਹਨ। ਇਹ ਬਹੁਤ ਚਿੰਤਾਜਨਕ ਹੈ। ਜਾਂਚ ਚੱਲ ਰਹੀ ਹੈ। ਸਾਰੇ ਬੱਚੇ ਥੈਲੇਸੀਮਿਕ ਹਨ ਅਤੇ ਉਨ੍ਹਾਂ ਨੂੰ ਚਾਈਬਾਸਾ ਸਦਰ ਹਸਪਤਾਲ ਦੇ ਬਲੱਡ ਬੈਂਕ ਤੋਂ ਖੂਨ ਚੜ੍ਹਾਇਆ ਗਿਆ ਹੈ।” ਇਸ ਘਟਨਾ ਨੇ ਚਾਈਬਾਸਾ ਦੇ ਇਸ ਹਸਪਤਾਲ ਵਿੱਚ ਖੂਨ ਚੜ੍ਹਾਉਣ ਵਾਲਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚਾਈਬਾਸਾ ਦੇ 7 ਸਾਲਾ ਥੈਲੇਸੀਮਿਕ ਮਰੀਜ਼ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਪੱਛਮੀ ਸਿੰਘਭੂਮ ਦੇ ਡੀਸੀ ਨੂੰ ਆਪਣੇ ਬੱਚੇ ਦਾ ਸਦਰ ਹਸਪਤਾਲ ਵਿੱਚ ਐਚਆਈਵੀ ਪੋਜੀਟਿਵ ਖੂਨ ਚੜਾਉਣ ਦੀ ਸ਼ਿਕਾਇਤ ਕੀਤੀ ਸੀ। ਪਿਤਾ ਨੇ ਕਿਹਾ ਸੀ ਕਿ ਬੱਚੇ ਦੀ ਪੋਜੀਟਿਵ ਰਿਪੋਰਟ ਆਉਣ ਤੋਂ ਬਾਅਦ ਪਤੀ-ਪਤਨੀ ਨੇ ਵੀ ਖੁਦ ਦੀ ਜਾਂਚ ਕਰਵਾਈ, ਜਿਸ ਵਿੱਚ ਦੋਵੇਂ ਨੈਗਟਿਵ ਆਏ ਸਨ। ਪਿਤਾ ਮੁਤਾਬਕ 13 ਸਤੰਬਰ ਨੂੰ ਸਦਰ ਹਸਪਤਾਲ ਵਿੱਖ ਖੂਨ ਚੜਾਇਆ ਗਿਆ ਸੀ ਅਤੇ 18 ਅਕਤੂਬਰ ਨੂੰ ਜਾਂਚ ਵਿੱਚ ਬੱਚਾ ਪੋਜੀਟਿਵ ਆਇਆ। ਇਸ ਤੋਂ ਬਾਅਦ ਡੀਸੀ ਨੇ ਜਾਂਚ ਦੇ ਹੁਕਮ ਦਿੱਤੇ ਸਨ। ਦੂਜੇ ਪਾਸੇ, ਹਾਈਕੋਰਟ ਨੇ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਜਾਂਚ ਦੇ ਹੁਕਮ ਦਿੱਤੇ। ਸ਼ਨੀਵਾਰ ਨੂੰ ਰਾਂਚੀ ਵਿਭਾਗ ਦੀ ਟੀਮ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।




