ਬਠਿੰਡਾ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਭਾਜਪਾ ਦੀ ਐਮਪੀ ਅਤੇ ਆਦਾਕਾਰ ਕੰਗਨਾ ਰਣੌਤ ਅੱਜ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਈ। ਸਖਤ ਸੁਰੱਖਿਆ ਪ੍ਰਬੰਧ ਹੇਠ ਕੰਗਨਾ ਰਣੌਤ ਨੂੰ ਅਦਾਲਤ ਤੱਕ ਲਿਆਂਦਾ ਗਿਆ। ਕੰਗਨਾ ਰਣੌਤ ਵੱਲੋਂ ਬੇਬੇ ਮਹਿੰਦਰ ਕੌਰ ਦੇ ਮਾਮਲੇ ਵਿੱਚ ਮੁਆਫੀ ਮੰਗ ਲਈ ਹੈ।
ਕੰਗਨਾ ਨੇ ਕਿਹਾ ਕਿ ਮੈਨੂੰ ਗਲਤ ਫਹਿਮੀ ਹੋਈ ਸੀ, ਮੈਂ ਜਨਰਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਟਵੀਟ ਉਤੇ ਅਫਸੋਸ ਹੈ। ਮੈਂ ਮਹਿੰਦਰ ਕੌਰ ਦੇ ਪਤੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਅਜਿਹੀ ਕੋਈ ਮੰਸਾ ਨਹੀਂ ਸੀ। ਕੰਗਨਾ ਰਣੌਤ ਨੇ ਕਿਹਾ ਕਿ ਮੈਂ ਆਪਣੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੀ, ਜਿਵੇਂ ਦਿਖਾਇਆ ਗਿਆ ਹੈ। ਮਾਂ ਚਾਹੇ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ, ਮੇਰੇ ਲਈ ਸਨਮਾਨਜਨਕ ਹੈ। ਸਾਰੇ ਮੈਨੂੰ ਪਿਆਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਟਿੱਪਣੀ ਨਹੀਂ ਕੀਤੀ ਗਈ, ਜਨਰਲ ਗੱਲ ਕੀਤੀ ਗਈ ਸੀ।
ਬੇਬੇ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਉਹ ਇਕੱਲੇ ਫੈਸਲਾ ਨਹੀਂ ਲੈ ਸਕਦੇ, ਇਸ ਸਬੰਧੀ ਸਲਾਹ ਕਰਕੇ ਬਾਅਦ ਵਿੱਚ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਦੋਂ ਅਦਾਲਤ ਵਿੱਚ ਆਉਣਾ ਪਿਆ ਤਾਂ ਮੁਆਫੀ ਮੰਗੀ ਹੈ, ਪਹਿਲਾਂ ਕੋਈ ਗੱਲ ਨਹੀਂ ਕੀਤੀ ਗਈ।
ਬਠਿੰਡਾ ਪੁਲਿਸ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਵਿੱਚ ਨਾਕਾਬੰਦੀ ਕੀਤੀ ਗਈ।




