ਮੋਰਿੰਡਾ 29 ਅਕਤੂਬਰ (ਭਟੋਆ)
ਮੋਰਿੰਡਾ ਚੰਡੀਗੜ੍ਹ ਸੜਕ ਤੇ ਸਥਿਤ ਪਿੰਡ ਮੜੌਲੀ ਕਲਾਂ ਕੋਲੋਂ ਗੁਜਰਦੇ ਬਾਈਪਾਸ ਤੇ ਦੋ ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ ਵਿੱਚ ਪਿੰਡ ਘੜੂੰਆਂ ਦੇ ਵਸਨੀਕ ਇਕ 25 ਸਾਲਾ ਨੌਜਵਾਨ ਮੋਟਰਸਾਈਕਲ ਚਾਲਕ ਦੇ ਜਿਆਦਾ ਸੱਟਾਂ ਲੱਗਣ ਕਾਰਨ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲਾ ਮੋਟਰਸਾਈਕਲ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ । ਜਿਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਮੋਟਰਸਾਈਕਲ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਮੁਖ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਘੜੂੰਆਂ ਜਿਲਾ ਐਸ ਏ ਐਸ ਨਗਰ ਮੋਹਾਲੀ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਸਦਾ ਲੜਕਾ ਹਰਸਿਮਰਨਵੀਰ ਸਿੰਘ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਲਿਫਟ ਆਪਰੇਟਰ ਵਜੋਂ ਕੰਮ ਕਰਦਾ ਸੀ। ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 26 ਅਕਤੂਬਰ ਨੂੰ ਮੋਰਿੰਡਾ ਦੇ ਓਲੰਪਿਕ ਪੈਲਸ ਵਿੱਚ ਉਸਦੇ ਭਰਾ ਦੀ ਲੜਕੀ ਦੀ ਸ਼ਾਦੀ ਸੀ ਜਿਸ ਵਿੱਚ ਸ਼ਾਮਿਲ ਹੋਣ ਲਈ ਉਹ ਸਮੇਤ ਪਰਿਵਾਰ ਮੋਰਿੰਡਾ ਆਏ ਹੋਏ ਸਨ। ਉਸਨੇ ਦੱਸਿਆ ਕਿ ਸ਼ਾਦੀ ਦੀ ਸਮਾਪਤੀ ਤੋਂ ਬਾਅਦ ਹਰਸਿਮਰਨਵੀਰ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀਬੀ -28 ਕੇ – 7099 ਰਾਹੀਂ ਪਿੰਡ ਘੜੂੰਆਂ ਵਾਪਸ ਜਾ ਰਿਹਾ ਸੀ ਜਦ ਕਿ ਉਹ ਆਪਣੇ ਪਰਿਵਾਰਾਂ ਸਮੇਤ ਕਾਰ ਵਿੱਚ ਉਸਦੇ ਪਿੱਛੇ ਜਾ ਰਹੇ ਸਨ ।
ਉਸਨੇ ਦੱਸਿਆ ਕਿ ਜਦੋਂ ਹਰਸਿਮਰਨਵੀਰ ਸਿੰਘ ਪਿੰਡ ਮੜੌਲੀ ਕਲਾਂ ਤੋਂ ਥੋੜਾ ਅੱਗੇ ਬਾਈਪਾਸ ਨੇੜੇ ਪੁੱਜਿਆ ਤਾਂ ਪਿੱਛੋਂ ਆਏ ਇੱਕ ਹੋਰ ਮੋਟਰਸਾਈਕਲ ਨੰਬਰ ਪੀਬੀ- 28 ਜੇ -4452 ਦੇ ਨਾਮਾਲੂਮ ਚਾਲਕ ਨੇ ਹਰਸਿਮਰਨਵੀਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਸਦਾ ਮੋਟਰਸਾਈਕਲ ਸੜਕ ਦੇ ਕੰਢੇ ਖੜੇ ਇੱਕ ਖੰਬੇ ਵਿੱਚ ਵੱਜਿਆ ਅਤੇ ਉਹ ਮੋਟਰਸਾਈਕਲ ਸਮੇਤ ਸੜਕ ਤੇ ਡਿੱਗ ਪਿਆ ਅਤੇ ਉਥੇ ਹੀ ਪਿੱਛੋਂ ਟੱਕਰ ਮਾਰਨ ਵਾਲਾ ਨਾਮਾਲਮ ਮੋਟਰਸਾਈਕਲ ਚਾਲਕ ਵੀ ਡਿੱਗ ਗਿਆ।
ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਆਪਣੇ ਪੁੱਤਰ ਹਰਸਿਮਰਨਵੀਰ ਸਿੰਘ ਨੂੰ ਸੰਭਾਲਣ ਲੱਗ ਪਿਆ, ਜਿਸ ਦੌਰਾਨ ਟੱਕਰ ਮਾਰਨ ਵਾਲਾ ਮੋਟਰਸਾਈਕਲ ਚਾਲਕ ਆਪਣੇ ਮੋਟਰਸਾਈਕਲ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਹਰਸਿਮਰਨਵੀਰ ਸਿੰਘ ਨੂੰ ਆਪਣੀ ਗੱਡੀ ਵਿੱਚ ਸਰਸਵਤੀ ਹਸਪਤਾਲ ਘੜੂੰਆਂ ਵਿਖੇ ਲੈ ਗਿਆ ਜਿੱਥੇ ਡਾਕਟਰਾਂ ਨੇ ਹਰਸਿਮਰਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਮੋਟਰਸਾਈਕਲ ਨੰਬਰ ਪੀਬੀ 28 ਜੇ 4452 ਦੇ ਨਾਮਲੂਮ ਚਾਲਕ ਖਿਲਾਫ ਵੱਖ ਵੱਖ ਧਾਰਾਂਵਾ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।




