ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ ਆਈ.ਆਈ.ਐਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

ਪੰਜਾਬ
  • ਇਹ ਬੈਚ 3 ਤੋਂ 7 ਨਵੰਬਰ ਤੱਕ ਸਿਖਲਾਈ ਹਾਸਲ ਕਰੇਗਾ: ਹਰਜੋਤ ਸਿੰਘ ਬੈਂਸ
  • ਸਿੱਖਿਆ ਮੰਤਰੀ ਵੱਲੋਂ ਹੈੱਡਮਾਸਟਰਾਂ ਦੇ 5ਵੇਂ ਬੈਚ ਨੂੰ 15 ਦਸੰਬਰ ਤੋਂ ਸਿਖਲਾਈ ਲਈ ਭੇਜਣ ਦਾ ਐਲਾਨ

ਚੰਡੀਗੜ੍ਹ, 2 ਨਵੰਬਰ: ਦੇਸ਼ ਕਲਿੱਕ ਬਿਊਰੋ :

ਅਧਿਆਪਕਾਂ ਦੇ ਵਿੱਦਿਅਕ ਹੁਨਰ ਨੂੰ ਹੋਰ ਨਿਖ਼ਾਰਨ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 50 ਹੈੱਡਮਾਸਟਰਾਂ ਦੇ ਚੌਥੇ ਬੈਚ ਨੂੰ ਵਿਸ਼ੇਸ਼ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਲਈ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.), ਅਹਿਮਦਾਬਾਦ ਭੇਜਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਚੌਥਾ ਬੈਚ 3 ਤੋਂ 7 ਨਵੰਬਰ 2025 ਤੱਕ “ਲੀਡਰਸ਼ਿਪ ਅਤੇ ਮੈਂਟਰਸ਼ਿਪ ਸਕਿੱਲਜ਼” ਬਾਰੇ ਇੱਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ, ਜੋ ਉਨ੍ਹਾਂ ਨੂੰ ਆਪਣੇ ਸਕੂਲਾਂ ਵਿੱਚ ਸਕਾਰਾਤਮਕ ਬਦਲਾਅ ਦੇ ਮਾਰਗਦਰਸ਼ਕ ਬਣਨ ਲਈ ਤਿਆਰ ਕਰੇਗਾ।

ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਇਸ ਅਭਿਆਸ ਨੂੰ ਜਾਰੀ ਰੱਖਦਿਆਂ 15 ਤੋਂ 19 ਦਸੰਬਰ, 2025 ਤੱਕ ਆਈ.ਆਈ.ਐਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਹੈੱਡਮਾਸਟਰਾਂ ਦਾ 5ਵਾਂ ਬੈਚ ਭੇਜਿਆ ਜਾਵੇਗਾ। ਇਹ ਪਹਿਲਕਦਮੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਅਧਿਆਪਨ ਦੇ ਬਿਹਤਰੀਨ ਅਭਿਆਸਾਂ ਨੂੰ ਲਾਗੂ ਕਰਨ ਲਈ ਅਧਿਆਪਕਾਂ ਨੂੰ ਆਲਮੀ ਪ੍ਰਬੰਧਨ ਅਤੇ ਮਾਰਗਦਰਸ਼ਨ ਦੇ ਹੁਨਰਾਂ ਨਾਲ ਲੈਸ ਕਰਨਾ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਫਸਰਾਂ ਨੂੰ ਸਿੰਗਾਪੁਰ, 152 ਹੈੱਡਮਾਸਟਰਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਅਤੇ 144 ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ ਵਿਸ਼ੇਸ਼ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ, ਜਿਸਦਾ ਉਦੇਸ਼ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆਲਮੀ ਤੇ ਕੌਮੀ ਮੁਹਾਰਤ ਅਤੇ ਬਿਹਤਰੀਨ ਅਭਿਆਸਾਂ ਨੂੰ ਲਾਗੂ ਕਰਨਾ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਭੇਜਣਾ, ਸਿੱਖਿਆ ਵਿੱਚ ਰਣਨੀਤਕ ਨਿਵੇਸ਼ ਦਾ ਹਿੱਸਾ ਹੈ। ਇਨ੍ਹਾਂ ਅਧਿਆਪਕਾਂ ਨੂੰ ਸਿਰਫ ਸਕੂਲਾਂ ਦੇ ਸੁਚਾਰੂ ਪ੍ਰਬੰਧ ਲਈ ਹੀ ਨਹੀਂ ਬਲਕਿ ਆਪਣੇ ਸਾਥੀ ਅਧਿਆਪਕਾਂ ਨੂੰ ਪ੍ਰੇਰਿਤ ਕਰਨ, ਕਲਾਸਰੂਮਾਂ ਵਿੱਚ ਨਵੀਨਤਮ ਵਿਦਿਅਕ ਅਭਿਆਸ ਸ਼ਾਮਲ ਕਰਨ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਰਕਾਰ ਵੱਲੋਂ ਪੰਜਾਬ ਨੂੰ ਗਿਆਨ ਦੇ ਸਾਗਰ ਵਿੱਚ ਬਦਲਣ ਦੀ ਦ੍ਰਿੜ੍ਹ ਵਚਨਬੱਧਤਾ ਦੀ ਨੀਂਹ ਹੈ।

ਇਸੇ ਦਿਸ਼ਾ ਵਿੱਚ ਪੰਜਾਬ ਸਰਕਾਰ ਦੀ ਦੂਰਅੰਦੇਸ਼ ਸੋਚ ‘ਤੇ ਚਾਨਣਾ ਪਾਉਂਦਿਆਂ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਦੂਰਅੰਦੇਸ਼ ਵਿਦਿਅਕ ਆਗੂਆਂ ਦਾ ਮਜ਼ਬੂਤ ਕੇਡਰ ਖੜ੍ਹਾ ਕਰ ਰਿਹਾ ਹੈ। ਅਧਿਆਪਨ ਦੇ ਹੁਨਰਾਂ ਨੂੰ ਨਿਖ਼ਾਰਨ ਦੀ ਇਹ ਵਿਸ਼ੇਸ਼ ਪਹਿਲ ਪੰਜਾਬ ਦੇ ਅਧਿਆਪਕਾਂ ਨੂੰ 21ਵੀਂ ਸਦੀ ਦੀਆਂ ਵਿਦਿਅਕ ਚੁਣੌਤੀਆਂ ਲਈ ਤਿਆਰ ਕਰੇਗੀ ਅਤੇ ਸੂਬੇ ਦੇ ਹਰੇਕ ਵਿਦਿਆਰਥੀ ਲਈ ਇੱਕ ਰੌਸ਼ਨ ਭਵਿੱਖ ਦਾ ਰਾਹ ਪੱਧਰਾ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।