ਕੌਂਸਲਰ ਸੁਖਦੇਵ ਪਟਵਾਰੀ ਦੇ ਯਤਨਾਂ ਸਦਕਾ ਨਗਰ ਨਿਗਮ ਵੱਲੋਂ ਧਰਤੀ ਅੰਦਰ ਬਣਾਏ ਜਾਣ ਵਾਲੇ ਟੈਂਕ ਲਈ 90 ਲੱਖ ਰੁਪਏ ਦਾ ਬਜਟ ਜਾਰੀ

ਪੰਜਾਬ

ਮੋਹਾਲੀ, 6 ਨਵੰਬਰ: ਦੇਸ਼ ਕਲਿੱਕ ਬਿਓਰੋ:

ਸੈਕਟਰ 70 ਦੇ ਐਮ ਆਈ ਜੀ (ਇੰਡੀਪੈਂਡੈਂਟ) ਦੇ ਵਾਸੀਆਂ ਨੂੰ ਬਰਸਾਤਾਂ ਦੌਰਾਨ ਪਾਣੀ ਇਕੱਠਾ ਹੋਣ ਅਤੇ ਘਰਾਂ ਵਿੱਚ ਵੜ ਜਾਣ ਦੀ ਪੁਰਾਣੀ ਸਮੱਸਿਆ ਤੋਂ ਹੁਣ ਛੁਟਕਾਰਾ ਮਿਲੇਗਾ। ਸਥਾਨਕ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਯਤਨਾਂ ਸਦਕਾ ਨਗਰ ਨਿਗਮ ਵੱਲੋਂ ਡੇਢ ਲੱਖ ਲੀਟਰ ਸਮਰੱਥਾ ਵਾਲੇ ਧਰਤੀ ਅੰਦਰ ਬਣਾਏ ਜਾਣ ਵਾਲੇ ਟੈਂਕ ਲਈ 90 ਲੱਖ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ।

ਇਹ ਧਰਤੀ ਹੇਠਲਾ ਟੈਂਕ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਅਜਿਹੇ ਸੈਂਸਰ ਲੱਗੇ ਹੋਣਗੇ ਜੋ ਬਰਸਾਤੀ ਪਾਣੀ ਨੂੰ ਆਪਣੇ ਆਪ ਨਿਕਾਸ ਕਰਨਗੇ । ਮੋਹਾਲੀ ਸ਼ਹਿਰ ਅੰਦਰ ਇਹ ਪਹਿਲਾ ਟੈਂਕ ਹੋਵੇਗਾ ਜੋ ਸੈਂਸਰ-ਅਧਾਰਿਤ ਪ੍ਰਣਾਲੀ ਨਾਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਪਾਣੀ ਇਕੱਠਾ ਹੋਣ ਦੀ ਸਮੱਸਿਆ ਦਾ ਪੂਰਨ ਹੱਲ ਨਿਕਲੇਗਾ।

ਅੱਜ ਇਸ ਮਹੱਤਵਪੂਰਨ ਕੰਮ ਦੀ ਸ਼ੁਰੂਆਤ ਸ਼੍ਰੀ ਮਤੀ ਜਸਵੰਤ ਕੌਰ ਪਤਨੀ ਐਮ ਐਲ ਏ ਕੁਲਵੰਤ ਸਿੰਘ ਵੱਲੋਂ ਸਥਾਨਕ ਵਾਸੀਆਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ, “ਐਮ ਆਈ ਜੀ (ਇੰਡੀਪੈਂਡੈਂਟ) ਦੇ ਵਾਸੀ ਪਿਛਲੇ ਕਾਫੀ ਸਮੇਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ, ਪਰ ਹੁਣ ਇਸ ਯੋਜਨਾ ਨਾਲ ਉਹਨਾਂ ਨੂੰ ਇਸ ਤੋਂ ਨਿਜਾਤ ਮਿਲੇਗੀ। ਸੂਬਾ ਸਰਕਾਰ ਸ਼ਹਿਰੀ ਇਲਾਕਿਆਂ ਦੀਆਂ ਅਜਿਹੀਆਂ ਸਮੱਸਿਆਵਾਂ ਦਾ ਟਿਕਾਊ ਹੱਲ ਲੱਭਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ, “ਪਿਛਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੋਟਾਂ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਨਾਂ ਕਿਸੇ ਟੈਂਡਰ ਦੇ ਇਲਾਕੇ ਵਿੱਚ ਪਾਈਪ ਸੁੱਟੇ ਸਨ, ਪਰ ਚੋਣਾਂ ਮਗਰੋਂ ਉਹ ਪਾਈਪਾਂ ਚੁੱਕ ਲਈਆਂ ਗਈਆਂ। ਇਹ ਸਿਰਫ਼ ਚੋਣ ਸਟੰਟ ਸੀ। ਹੁਣ ਮੌਜੂਦਾ ਸਰਕਾਰ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਲੋਕਾਂ ਲਈ ਲੰਬੇ ਸਮੇਂ ਤੱਕ ਫਾਇਦੇਮੰਦ ਸਾਬਤ ਹੋਵੇਗਾ।”

ਨਗਰ ਨਿਗਮ ਦੇ ਅਧਿਕਾਰੀ ਅਤੇ ਠੇਕੇਦਾਰ ਵੀ ਇਸ ਮੌਕੇ ਮੌਜੂਦ ਸਨ, ਜਿਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕੰਮ ਨੂੰ ਸੁਚੱਜੇ ਢੰਗ ਨਾਲ ਤੇ ਜਲਦੀ ਪੂਰਾ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੀਆਂ ਬਰਸਾਤਾਂ ਤੋਂ ਪਹਿਲਾਂ ਇਹ ਪ੍ਰੋਜੈਕਟ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇ।

ਇਸ ਮੌਕੇ ਰਜੀਵ ਵਸ਼ਿਸ਼ਟ, ਕੌਂਸਲਰ ਅਰੁਨਾ ਵਸ਼ਿਸ਼ਟ, ਕੌਂਸਲਰ ਗੁਰਪ੍ਰੀਤ ਕੌਰ, ਐਮ ਆਈ ਜੀ (ਇੰਡੀਪੈਂਡੈਂਟ) ਦੇ ਪ੍ਰਧਾਨ ਵਿਪਨਜੀਤ ਸਿੰਘ, ਆਰ.ਪੀ. ਕੰਬੋਜ, ਆਰ.ਕੇ. ਗੁਪਤਾ, ਸੁਖਵਿੰਦਰ ਕੌਰ ਭੁੱਲਰ, ਪ੍ਰੀਤਮਾ ਦੇਵੀ, ਮੋਨਿਕਾ, ਸੱਤਪਾਲ ਸਿੰਘ ਘੁੰਮਣ, ਰੂਪਇੰਦਰ ਸਿੰਘ ਸਰਾਓ, ਸਵਰਨਜੀਤ ਸ਼ਰਮਾ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ, ਸੰਤੋਖ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ, ਹਰਪਾਲ ਸਿੰਘ ਸਮੇਤ ਸਥਾਨਕ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।