ਲੁਧਿਆਣਾ ਨਹਿਰੀ ਪਾਣੀ ਸਪਲਾਈ ਸਕੀਮ ਤਹਿਤ ਹੋਇਆ 20% ਕੰਮ: 31 ਪਾਣੀ ਦੀਆਂ ਟੈਂਕੀਆਂ ਦਾ ਕੰਮ ਜਾਰੀ; 47 ਮੌਜੂਦਾ ਟੈਂਕਾਂ ਦੀ ਹੋਈ ਟੈਸਟਿੰਗ

ਪੰਜਾਬ
  • 31 ਪਾਣੀ ਦੀਆਂ ਟੈਂਕੀਆਂ ਦਾ ਕੰਮ ਜਾਰੀ; 47 ਮੌਜੂਦਾ ਟੈਂਕਾਂ ਦੀ ਹੋਈ ਟੈਸਟਿੰਗ
  • ਬਿਲਗਾ ਵਾਟਰ ਟਰੀਟਮੈਂਟ ਪਲਾਂਟ ‘ਤੇ ਤੇਜ਼ੀ ਨਾਲ ਹੋ ਰਿਹਾ ਕੰਮ
  • ਏਸੀਐਸ. ਪੰਜਾਬ ਸਰਕਾਰ ਨੇ ਪ੍ਰੋਜੈਕਟ ਦੀ ਕੀਤੀ ਪ੍ਰਸ਼ੰਸਾ, ਸਮੇਂ ‘ਤੇ ਮੁਕੰਮਲ ਕਰਨ ਲਈ ਕੀਤਾ ਉਤਸ਼ਾਹਿਤ

ਲੁਧਿਆਣਾ, 6 ਨਵੰਬਰ: ਦੇਸ਼ ਕਲਿੱਕ ਬਿਓਰੋ:

ਪੰਜਾਬ ਸਰਕਾਰ ਦੀ ਬੇਹੱਦ ਖ਼ਾਸ ਯੋਜਨਾ ਲੁਧਿਆਣਾ ਨਹਿਰੀ ਪਾਣੀ ਸਪਲਾਈ ਸਕੀਮ ਨੇ ਸਿਰਫ਼ 8 ਮਹੀਨਿਆਂ ਵਿੱਚ 20 ਪ੍ਰਤੀਸ਼ਤ ਭੌਤਿਕ ਤਰੱਕੀ ਹਾਸਲ ਕਰਦਿਆਂ ਇੱਕ ਵੱਡਾ ਮੀਲ ਪੱਥਰ ਪਾਰ ਕੀਤਾ ਹੈ। ਪ੍ਰੋਜੈਕਟ ਦੀ ਤਰੱਕੀ ਦੀ ਸਮੀਖਿਆ ਕਰਦੇ ਹੋਏ ਸ਼੍ਰੀ ਆਦਿਤਿਆ ਕੁਮਾਰ ਡੇਚਲਵਾਲ, ਆਈ.ਏ.ਐਸ., ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ (MCL) ਨੇ ਦੱਸਿਆ ਕਿ ਪ੍ਰੋਜੈਕਟ ਯੋਜਨਾ ਅਨੁਸਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਯੋਜਨਾ 25 ਫ਼ਰਵਰੀ 2025 ਨੂੰ ਸ਼ੁਰੂ ਕੀਤੀ ਗਈ ਸੀ ਅਤੇ 25 ਫ਼ਰਵਰੀ 2028 ਤੱਕ ਪੂਰੀ ਕੀਤੀ ਜਾਣੀ ਹੈ। ਸਿਰਫ਼ 22 ਪ੍ਰਤੀਸ਼ਤ ਸਮੇਂ ਵਿੱਚ 20 ਪ੍ਰਤੀਸ਼ਤ ਤਰੱਕੀ ਕਰਨਾ, ਇਸ ਪੱਧਰ ਦੇ ਪ੍ਰੋਜੈਕਟ ਲਈ ਸ਼ਾਨਦਾਰ ਉਪਲਬਧੀ ਹੈ।

ਕਮਿਸ਼ਨਰ ਨੇ ਦੱਸਿਆ ਕਿ ਸ਼੍ਰੀ ਤੇਜਵੀਰ ਸਿੰਘ, ਆਈ.ਏ.ਐਸ., ਐਡੀਸ਼ਨਲ ਚੀਫ਼ ਸੈਕਟਰੀ (ACS), ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਪ੍ਰੋਜੈਕਟ ਸਬੰਧੀ ਸਮੀਖਿਆ ਮੀਟਿੰਗ ਕੀਤੀ, ਜਿਸ ਵਿੱਚ ਪ੍ਰੋਜੈਕਟ ਦੀ ਗੁਣਵੱਤਾ ਅਤੇ ਗਤੀ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਮੌਕੇ ‘ਤੇ ਕੰਮ ਕਰ ਰਹੀਆਂ ਟੀਮਾਂ ਨੂੰ ਇਹ ਗਤੀ ਬਣਾਈ ਰੱਖਣ ਅਤੇ ਸਮੇਂ ‘ਤੇ ਪ੍ਰੋਜੈਕਟ ਪੂਰਾ ਕਰਨ ਲਈ ਪ੍ਰੇਰਿਤ ਕੀਤਾ।

ਕਮਿਸ਼ਨਰ ਨੇ ਦੱਸਿਆ ਕਿ ਬਿਲਗਾ ਪਿੰਡ ‘ਚ ਵਾਟਰ ਟਰੀਟਮੈਂਟ ਪਲਾਂਟ ਦੇ ਸਾਰੇ ਮੁੱਖ ਭਾਗਾਂ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਜਿਵੇਂ ਕਿ ਫਿਲਟਰ ਹਾਊਸ, ਕੈਸਕੇਡ ਏਰੇਟਰ ਅਤੇ ਪ੍ਰੀ-ਸੈਟਲਿੰਗ ਟੈਂਕ। ਇਸ ਤੋਂ ਇਲਾਵਾ, ਸਟਿਲਿੰਗ ਚੈਂਬਰ, ਪਾਰਸ਼ਲ ਫਲੂਮ ਚੈਨਲ, ਡਿਸਟ੍ਰੀਬਿਊਸ਼ਨ ਚੈਂਬਰ, ਕਲੀਨ ਵਾਟਰ ਰਿਜ਼ਰਵਾਇਰ, ਕਲੀਨ ਵਾਟਰ ਪੰਪ ਹਾਊਸ, ਕਲੈਰਿਫਲੋਕੂਲੇਟਰ ਅਤੇ ਫਿਲਟਰ ਹਾਊਸ ਦੇ ਨਿਰਮਾਣ ਵਿਚ ਵੀ ਤੇਜ਼ੀ ਨਾਲ ਉਸਾਰੀ ਕਾਰਜ ਚੱਲ ਰਹੇ ਹਨ।

ਉਨ੍ਹਾਂ ਨੇ ਹੋਰ ਦੱਸਿਆ ਕਿ 31 ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਜਾਰੀ ਹੈ, ਜਿਨ੍ਹਾਂ ਵਿੱਚੋਂ 6 ਸਾਈਟਾਂ ‘ਤੇ ਰਾਫ਼ਟ ਫਾਊਂਡੇਸ਼ਨ ਪੂਰੀ ਹੋ ਚੁੱਕੀ ਹੈ, ਜਦਕਿ 23 ਸਾਈਟਾਂ ‘ਤੇ ਪਾਇਲ ਫਾਊਂਡੇਸ਼ਨ ਪੂਰੀ ਹੋ ਗਈ ਹੈ। ਇਸਦੇ ਨਾਲ ਹੀ 47 ਮੌਜੂਦਾ ਟੈਂਕਾਂ ਦੀ ਨਾਨ-ਡਿਸਟਰਕਟਿਵ ਟੈਸਟਿੰਗ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਸਾਈਟਾਂ ਦੀ ਟੈਸਟਿੰਗ ਇਸ ਮਹੀਨੇ ਦੇ ਅੰਤ ਤੱਕ ਪੂਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, 25 ਕਿਲੋਮੀਟਰ ਪਾਈਪਲਾਈਨ ਬਿਛਾਈ ਜਾ ਚੁੱਕੀ ਹੈ, ਜਦਕਿ ਹੋਰ 48 ਕਿਲੋਮੀਟਰ ਪਾਈਪਲਾਈਨ ਲਈ ਸਮੱਗਰੀ ਆ ਚੁੱਕੀ ਹੈ।

ਭੌਤਿਕ ਤਰੱਕੀ ਤੋਂ ਇਲਾਵਾ, ਪ੍ਰੋਜੈਕਟ ਦੇ ਤਹਿਤ ਸਮਾਜਿਕ ਜੋੜਨ, ਸਟੇਕਹੋਲਡਰ ਮੀਟਿੰਗਾਂ, ਸ਼ਿਕਾਇਤ ਨਿਵਾਰਨ ਪ੍ਰਣਾਲੀ ਅਤੇ ਵਾਤਾਵਰਣਕ ਸੁਰੱਖਿਆ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ. ਦੇ ਮਿਆਰਾਂ ਅਨੁਸਾਰ ਸਖ਼ਤ ਸੁਰੱਖਿਆ ਨਿਯਮ ਲਾਗੂ ਕੀਤੇ ਗਏ ਹਨ, ਕੋਈ ਵੀ ਵਰਕਰ ਬਿਨਾਂ ਪ੍ਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਦੇ ਸਾਈਟ ‘ਤੇ ਨਹੀਂ ਜਾਣ ਦਿੱਤਾ ਜਾਂਦਾ। ਪ੍ਰੋਜੈਕਟ ਦੀ ਸੋਸ਼ਲ ਐਂਡ ਕਮਿਊਨੀਕੇਸ਼ਨ ਯੂਨਿਟ ਵੱਲੋਂ ਲੋਕ ਜਾਗਰੂਕਤਾ ਮੁਹਿੰਮਾਂ, ਜਨਤਕ ਸਲਾਹ-ਮਸ਼ਵਰੇ ਅਤੇ ਆਊਟਰੀਚ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਹੁਣ ਤੱਕ 20 ਤੋਂ ਵੱਧ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਹਰ ਖੇਤਰ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੁਨਿਆਦੀ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।

ਵਿਸ਼ੇਸ਼ –

ਲੁਧਿਆਣਾ ਨਹਿਰੀ ਪਾਣੀ ਸਪਲਾਈ ਸਕੀਮ ਨੂੰ ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਪੰਜਾਬ ਮਿਊਂਸਪਲ ਇੰਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਤਕਨੀਕੀ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਵਿਸ਼ਵ ਬੈਂਕ ਅਤੇ ਏਸ਼ੀਅਨ ਇੰਫਰਾਸਟਰਕਚਰ ਇਨਵੈਸਟਮੈਂਟ ਬੈਂਕ ਵੱਲੋਂ ਸਾਂਝੇ ਤੌਰ ‘ਤੇ ਵਿੱਤੀ ਗ੍ਰਾਂਟ ਦਿੱਤੀ ਗਈ ਹੈ।
ਪਹਿਲੇ ਚਰਨ ਦੀ ਕੁੱਲ ਲਾਗਤ ₹1,305 ਕਰੋੜ ਹੈ, ਜਦਕਿ ₹154 ਕਰੋੜ 10 ਸਾਲਾਂ ਦੀ ਰੱਖ-ਰਖਾਵ ਲਈ ਅਤੇ ₹84 ਕਰੋੜ ਗੁਣਵੱਤਾ ਨਿਗਰਾਨੀ ਲਈ ਰਾਖਵੇਂ ਹਨ।

ਤਕਨੀਕੀ ਵਿਸ਼ੇਸ਼ਤਾਵਾਂ –

58 ਕਰੋੜ ਲੀਟਰ ਦੀ ਸਮਰੱਥਾ ਵਾਲੇ ਵਾਟਰ ਟਰੀਟਮੈਂਟ ਪਲਾਂਟ, ਜੋ ਕਿ ਬਿਲਗਾ ਵਿੱਚ ਬਣਾਇਆ ਜਾ ਰਿਹਾ ਹੈ, ਵਿੱਚ ਪਾਣੀ ਸਫਾਈ ਦੀਆਂ ਉੱਚ ਤਕਨੀਕੀ ਪ੍ਰਕਿਰਿਆਵਾਂ ਵਰਤੀ ਜਾਣਗੀਆਂ, ਜਿਵੇਂ ਕਿ ਕੋਐਗੂਲੇਸ਼ਨ, ਫਲੋਕੂਲੇਸ਼ਨ, ਸੈਡੀਮੈਂਟੇਸ਼ਨ, ਡੂਅਲ ਮੀਡੀਆ ਫਿਲਟਰੇਸ਼ਨ ਅਤੇ ਕਲੋਰੀਨੇਸ਼ਨ ਆਦਿ। ਇਹ ਪ੍ਰਣਾਲੀ SCADA ਆਟੋਮੇਸ਼ਨ ਅਤੇ ਰੀਅਲ-ਟਾਈਮ ਵਾਟਰ ਕੁਆਲਟੀ ਮਾਨੀਟਰਿੰਗ ਸਿਸਟਮ ਨਾਲ ਲਾਗੂ ਕੀਤੀ ਜਾਵੇਗੀ, ਜਿਸ ਨਾਲ ਰਾਸ਼ਟਰੀ ਪੀਣਯੋਗ ਪਾਣੀ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਲੁਧਿਆਣਾ ਦੇ ਨਿਵਾਸੀਆਂ ਨੂੰ ਸੁਰੱਖਿਅਤ, ਭਰੋਸੇਯੋਗ ਪਾਣੀ ਸਪਲਾਈ ਪ੍ਰਾਪਤ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।