ਚੰਡੀਗੜ੍ਹ, 7 ਨਵੰਬਰ, ਦੇਸ਼ ਕਲਿਕ ਬਿਊਰੋ :
ਭਾਰਤੀ ਮਹਿਲਾ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਅਮਨਪ੍ਰੀਤ ਕੌਰ ਅਤੇ ਹਰਲੀਨ ਕੌਰ ਅੱਜ ਚੰਡੀਗੜ੍ਹ ਪਹੁੰਚ ਰਹੀਆਂ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਹਵਾਈ ਅੱਡੇ ‘ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕਾ ਅਮਨਦੀਪ ਕੌਰ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਪਹੁੰਚਣਗੇ। ਦੋਵਾਂ ਖਿਡਾਰਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹਿਣਗੇ।
ਦੋਵੇਂ ਖਿਡਾਰਨਾਂ ਪੰਜਾਬ ਦੀਆਂ ਧੀਆਂ ਹਨ ਅਤੇ ਮੋਹਾਲੀ ਵਿੱਚ ਰਹਿੰਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਲ ਰਾਹੀਂ ਵਿਸ਼ਵ ਕੱਪ ਜੇਤੂ ਟੀਮ ਨੂੰ ਨਿੱਜੀ ਤੌਰ ‘ਤੇ ਵਧਾਈ ਦਿੱਤੀ ਸੀ। ਉਨ੍ਹਾਂ ਨੇ ਪੂਰੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਉਣ ਵਾਲੇ ਦਿਨਾਂ ਵਿੱਚ, ਪੰਜਾਬ ਕ੍ਰਿਕਟ ਐਸੋਸੀਏਸ਼ਨ ਫਾਈਨਲ ਮੈਚ ਖੇਡਣ ਵਾਲੀ ਕੈਪਟਨ ਹਰਮਨਪ੍ਰੀਤ ਕੌਰ, ਖਿਡਾਰਨ ਅਮਨਜੋਤ ਕੌਰ ਅਤੇ ਫੀਲਡਿੰਗ ਕੋਚ ਮੁਨੀਸ਼ ਬਾਲੀ ਨੂੰ ਸਨਮਾਨਿਤ ਕਰੇਗੀ।




