— ਗ੍ਰਿਫ਼ਤਾਰ ਦੋਸ਼ੀ ਵਰਚੁਅਲ ਨੰਬਰਾਂ ਰਾਹੀਂ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਕਰਦੇ ਸਨ ਸੰਪਰਕ, ਸ਼ੱਕ ਤੋਂ ਬਚਣ ਲਈ ਧਾਰਮਿਕ ਸਥਾਨਾਂ ਦੇ ਨੇੜੇ ਡਿਲੀਵਰੀ ਪੁਆਇੰਟਾਂ ਦੀ ਕਰਦੇ ਸਨ ਚੋਣ: ਡੀਜੀਪੀ ਗੌਰਵ ਯਾਦਵ
— ਸਰਹੱਦ ਪਾਰ ਸਥਿਤ ਹੈਂਡਲਰਾਂ ਦੀ ਪਛਾਣ ਕਰਨ, ਸਪਲਾਈ ਰੂਟਾਂ ਦਾ ਪਤਾ ਲਗਾਉਣ ਅਤੇ ਮੁਕੰਮਲ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
ਚੰਡੀਗੜ੍ਹ/ਅੰਮ੍ਰਿਤਸਰ, 7 ਨਵੰਬਰ: ਦੇਸ਼ ਕਲਿੱਕ ਬਿਊਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਜੁੜੇ ਦੋ ਡਰੱਗ ਸਪਲਾਈ ਮਾਡਿਊਲਾਂ ਦੇ ਦੋ ਮੁੱਖ ਸੰਚਾਲਕਾਂ ਨੂੰ 2.815 ਕਿਲੋਗ੍ਰਾਮ ਮੈਥੈਂਫੇਟਾਮਾਈਨ (ਆਈਸੀਈ) ਸਮੇਤ ਗ੍ਰਿਫ਼ਤਾਰ ਕਰਕੇ ਇਹਨਾਂ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਘਰਿਆਲਾ, ਤਰਨਤਾਰਨ ਅਤੇ ਬਲਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਸ਼ੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਅਤੇ ਡਿਲੀਵਰ ਕਰਨ ਲਈ ਵਰਚੁਅਲ ਨੰਬਰਾਂ ਰਾਹੀਂ ਪਾਕਿਸਤਾਨ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਉਹ ਅਕਸਰ ਸ਼ੱਕ ਤੋਂ ਬਚਣ ਲਈ ਧਾਰਮਿਕ ਸਥਾਨਾਂ ਦੇ ਨੇੜੇ ਡਿਲੀਵਰੀ ਪੁਆਇੰਟਾਂ ਦੀ ਚੋਣ ਕਰਦੇ ਸਨ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਹਨਾਂ ਆਪਰੇਸ਼ਨਾਂ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ, ਪੁਲਿਸ ਨੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅੰਮ੍ਰਿਤਸਰ ਦੀ ਦਾਣਾ ਮੰਡੀ ਨੇੜੇ ਇੱਕ ਨਾਕਾ ਲਗਾਇਆ ਅਤੇ ਦੋਸ਼ੀ ਗੁਰਸੇਵਕ ਸਿੰਘ ਉਰਫ ਸੇਵਕ ਨੂੰ 40 ਗ੍ਰਾਮ ਮੈਥੈਂਫੇਟਾਮਾਈਨ (ਆਈਸੀਈ) ਸਮੇਤ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਖੁਲਾਸੇ ਦੇ ਆਧਾਰ ‘ਤੇ, ਇੱਕ ਫਾਲੋ-ਅੱਪ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੇ ਨਤੀਜੇ ਵਜੋਂ ਹੋਰ 1.96 ਕਿਲੋਗ੍ਰਾਮ ਆਈਸੀਈ ਡਰੱਗ ਬਰਾਮਦ ਕੀਤੀ ਗਈ।
ਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਸੇਵਕ, ਜੋ ਕਿ ਸਰਹੱਦੀ ਖੇਤਰ ਦਾ ਵਸਨੀਕ ਹੈ, ਵਰਚੁਅਲ ਸੰਚਾਰ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਆਪਣੇ ਹੈਂਡਲਰ ਦੇ ਨਿਰਦੇਸ਼ਾਂ ਮੁਤਾਬਕ ਖੁਦ ਖੇਪਾਂ ਪ੍ਰਾਪਤ ਅਤੇ ਡਿਲੀਵਰ ਕਰਦਾ ਸੀ।
ਦੂਜੇ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਹ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਵੱਲਾ ਬਾਈਪਾਸ ਰੋਡ ‘ਤੇ ਨਾਕਾ ਲਗਾਇਆ ਅਤੇ ਸ਼ੱਕੀ ਬਲਜੀਤ ਸਿੰਘ ਨੂੰ 45 ਗ੍ਰਾਮ ਆਈਸੀਈ ਡਰੱਗ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਖੁਲਾਸੇ ਦੇ ਆਧਾਰ ‘ਤੇ ਹੋਰ 770 ਗ੍ਰਾਮ ਆਈਸੀਈ ਬਰਾਮਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਰਹੱਦ ਪਾਰ ਸਥਿਤ ਹੈਂਡਲਰਾਂ ਦੀ ਪਛਾਣ ਕਰਨ, ਸਪਲਾਈ ਰੂਟਾਂ ਦਾ ਪਤਾ ਲਗਾਉਣ ਅਤੇ ਪੰਜਾਬ ਤੇ ਪਾਕਿਸਤਾਨ-ਅਧਾਰਤ ਨੈੱਟਵਰਕਾਂ ਦਰਮਿਆਨ ਚਲ ਰਹੀ ਮੁਕੰਮਲ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ, ਐਫਆਈਆਰ ਨੰਬਰ 306 ਮਿਤੀ 06-11-2025 ਨੂੰ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਬੀ) ਅਧੀਨ ਅਤੇ ਐਫਆਈਆਰ ਨੰਬਰ 240 ਮਿਤੀ 27-10-2025 ਨੂੰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਬੀ) ਅਤੇ 21(ਸੀ) ਅਧੀਨ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।




