ਪੱਛਮੀ ਬੰਗਾਲ, 9 ਨਵੰਬਰ: ਦੇਸ਼ ਕਲਿੱਕ ਬਿਊਰੋ :
ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਵਿੱਚ ਇੱਕ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਖਬਰ ਸ੍ਹਾਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਕੁੜੀ ਆਪਣੀ ਦਾਦੀ ਨਾਲ ਇੱਕ ਰੇਲਵੇ ਸ਼ੈੱਡ ਵਿੱਚ ਸੌਂ ਰਹੀ ਸੀ ਜਦੋਂ ਮੁਲਜ਼ਮ ਨੇ ਉਸਨੂੰ ਮੱਛਰਦਾਨੀ ਕੱਟ ਕੇ ਅਗਵਾ ਕਰ ਲਿਆ।
ਅਗਵਾ ਕਰਨ ਤੋਂ ਬਾਅਦ ਮੁਲਜ਼ਮ ਨੇ ਬੱਚੀ ਨਾਲ ਬਲਾਤਕਾਰ ਕੀਤਾ ਫੇਰ ਉਸਨੂੰ ਇੱਕ ਨਾਲੇ ਵਿੱਚ ਸੁੱਟ ਦਿੱਤਾ। ਜਦੋਂ ਬੱਚੀ ਨਹੀਂ ਮਿਲੀ, ਤਾਂ ਉਸਦੇ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਕੁੜੀ ਬੇਹੋਸ਼ ਅਤੇ ਨਾਲੇ ਦੇ ਨੇੜੇ ਖੂਨ ਨਾਲ ਲੱਥਪੱਥ ਮਿਲੀ, ਉਸਦੇ ਗੱਲ੍ਹਾਂ ‘ਤੇ ਕੱਟਣ ਦੇ ਨਿਸ਼ਾਨ ਸਨ। ਬੰਜਾਰਾ ਭਾਈਚਾਰੇ ਨਾਲ ਸਬੰਧਤ ਲੜਕੀ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਚੰਦਨਨਗਰ ਸਬ-ਡਿਵੀਜ਼ਨਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ।
ਉੱਥੇ ਹੀ ਇਸ ‘ਮਾਮਲੇ ਚ ਪੀੜਤਾ ਦੀ ਦਾਦੀ ਨੇ ਕਿਹਾ ਕਿ ਉਸਨੂੰ ਸਵੇਰੇ 4 ਵਜੇ ਤੱਕ ਇਹ ਅਹਿਸਾਸ ਨਹੀਂ ਸੀ ਕਿ ਲੜਕੀ ਨੂੰ ਅਗਵਾ ਕੀਤਾ ਗਿਆ ਸੀ। ਜਦੋਂ ਉਹ ਮਿਲੀ, ਤਾਂ ਉਹ ਨੰਗੀ ਸੀ। ਔਰਤ ਨੇ ਕਿਹਾ, “ਅਸੀਂ ਸੜਕਾਂ ‘ਤੇ ਰਹਿੰਦੇ ਹਾਂ ਕਿਉਂਕਿ ਉਨ੍ਹਾਂ ਨੇ ਸਾਡੇ ਘਰ ਢਾਹ ਦਿੱਤੇ। ਅਸੀਂ ਕਿੱਥੇ ਜਾਈਏ ? ਸਾਡਾ ਕੋਈ ਘਰ ਨਹੀਂ ਹੈ।” ਪਰਿਵਾਰ ਤਾਰਕੇਸ਼ਵਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਸ਼ੈੱਡ ਵਿੱਚ ਰਹਿ ਰਿਹਾ ਸੀ, ਜਿੱਥੇ ਮੁਲਜ਼ਮ ਨੇ ਲੜਕੀ ਨੂੰ ਅਗਵਾ ਕੀਤਾ ਸੀ। ਸ਼ਨੀਵਾਰ ਦੁਪਹਿਰ ਨੂੰ, ਲੜਕੀ ਤਾਰਕੇਸ਼ਵਰ ਰੇਲਵੇ ਹਾਈ ਡਰੇਨ ਦੇ ਨੇੜੇ ਖੂਨ ਨਾਲ ਲਥਪਥ ਪਈ ਮਿਲੀ।




