- ਧਮਾਕੇ ਨਾਲ ਨੇੜਲੀਆਂ ਕੰਪਨੀਆਂ ਨੂੰ ਵੀ ਪਹੁੰਚਿਆ ਨੁਕਸਾਨ
ਗੁਜਰਾਤ, 12 ਨਵੰਬਰ: ਦੇਸ਼ ਕਲਿੱਕ ਬਿਊਰੋ :
ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ GIDC ਉਦਯੋਗਿਕ ਖੇਤਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਕੰਪਨੀ ਵਿੱਚ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਧਮਾਕੇ ‘ਚ 24 ਕਰਮਚਾਰੀ ਜ਼ਖਮੀ ਵੀ ਹੋ ਗਏ। ਜ਼ਖਮੀਆਂ ਨੂੰ ਭਰੂਚ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਤੋਂ ਪੰਜ ਕਰਮਚਾਰੀਆਂ ਦੀ ਹਾਲਤ ਗੰਭੀਰ ਹੈ।
ਸੇਖਾ ਪਿੰਡ ਨੇੜੇ GIDC ਖੇਤਰ ਵਿੱਚ ਸਥਿਤ ਵਿਸ਼ਾਲ ਫਾਰਮਾ ਨਾਮਕ ਇੱਕ ਕੰਪਨੀ ਵਿੱਚ ਤੜਕੇ 2:30 ਵਜੇ ਦੇ ਕਰੀਬ ਇੱਕ ਬਾਇਲਰ ਫਟ ਗਿਆ, ਜਿਸ ਕਾਰਨ ਪਲਾਂਟ ਵਿੱਚ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਨੇੜਲੀਆਂ ਚਾਰ ਕੰਪਨੀਆਂ ਨੂੰ ਨੁਕਸਾਨ ਪਹੁੰਚਿਆ। ਤਿੰਨ ਕਰਮਚਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਛੇ ਟੀਮਾਂ ਮੌਕੇ ‘ਤੇ ਪਹੁੰਚੀਆਂ। ਘਟਨਾ ਵਾਲੀ ਥਾਂ ‘ਤੇ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ, ਮਲਬਾ ਹਟਾਇਆ ਜਾ ਰਿਹਾ ਹੈ ਅਤੇ ਖੋਜ ਕਾਰਜ ਜਾਰੀ ਹੈ, ਕਿਉਂਕਿ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।




