ਬਰੈਂਪਟਨ ਕਨੇਡਾ, 15 ਨਵੰਬਰ, (ਗੁਰਮੀਤ ਸੁਖਪੁਰ) :
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਟੈਰੀਮਿਲਰ ਰੀਕਰੀਏਸਨ ਸੈਂਟਰ ਬਰੈਂਪਟਨ ਵਿਖੇ ਸੀਨੀਅਰਜ਼ ਅਬਿਊਜਜ਼ ਅਤੇ ਮੋਟਾਪੇ ਸਬੰਧੀ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ਕੁਲਦੀਪ ਕੌਰ ਗਰੇਵਾਲ,ਮੁਹਿੰਦਰ ਸਿੰਘ ਥਿੰਦ,ਅਮਰੀਕ ਸਿੰਘ,ਲਾਲ ਸਿੰਘ ਬਰਾੜ ਤੇ ਜੰਗੀਰ ਸਿੰਘ ਸਹਿੰਬੀ ਵੱਲੋਂ ਕੀਤੀ ਗਈ ।ਸਟੇਜ ਸਕੱਤਰ ਪਰੀਤਮ ਸਿੰਘ ਸਰਾਂ ਵਲੋਂ ਸੈਮੀਨਾਰ ਦੀ ਸੁਰੂਆਤ ਵਿੱਚ ਵੱਖ ਵੱਖ ਕਲੱਬਾਂ ਵੱਲੋਂ ਪਹੁੰਚੇ ਅਹੁਦੇਦਾਰਾਂ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਦੀ ਰੂਪਰੇਖਾ ਦੀ ਜਾਣਕਾਰੀ ਦਿੱਤੀ ਗਈ ।ਐਸੋਸੀਏਸਨ ਦੇ ਪਰਧਾਨ ਸ: ਜੰਗੀਰ ਸਿੰਘ ਸਹਿੰਬੀ ਵਲੋਂ ਹਾਊਸ ਨੂੰ ਦੱਸਿਆ ਗਿਆ ਕਿ ਅੱਜ ਦੇ ਸੈਮੀਨਾਰ ਦੇ ਸਮੁੱਚੇ ਪ੍ਰਬੰਧ ਦਾ ਸਿਹਰਾ ਜੇਮਜ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਬਸਾਖਾ ਸਿੰਘ ਤਤਲਾ ਅਤੇ ਮੀਤ ਪ੍ਰਧਾਨ ਲਾਲ ਸਿੰਘ ਬਰਾੜ ਦੇ ਸਿਰ ਬੱਝਦਾ ਹੈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਹਰਿੰਦਰਾ ਜੋਸ਼ੀ ਕੈਲੀਫੋਰਨੀਆਂ ਯੂ ਐਸ ਏ ਨੇ ਸੀਨੀਅਰਜ਼ ਲਈ ਆਪਣੀ ਸੰਸਥਾ ਵਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ ਮੈਂ ਸੀਨੀਅਰਜ਼ ਲਈ ਕਨੇਡਾ ਵਿੱਚ ਜਲਦੀ ਇੱਕ ਵੱਡਾ ਫ਼ੰਕਸ਼ਨ ਕਰਵਾਵਾਂਗਾ ਜਿਸ ਦੇ ਸਾਰੇ ਖਰਚੇ ਨੂੰ ਉਹ ਖੁਦ ਮਨੇਜ ਕਰਨਗੇ ਤੇ ਸੀਨੀਅਰਜ਼ ਨੇ ਸਿਰਫ਼ ਪ੍ਰੋਗਰਾਮ ਦਾ ਅਨੰਦ ਹੀ ਮਾਨਣਾ ਹੈ ਜਿਸਤੇ ਸੀਨੀਅਰਜ਼ ਨੇ ਤਾੜੀਆਂ ਮਾਰ ਖੁਸ਼ੀ ਦਾ ਇਜ਼ਹਾਰ ਕੀਤਾ।ਰਘਵੀਰ ਚੌਹਾਨ ਮਨੇਜਰ ਆਊਟਰੀਚ ਨੇ ਆਪਣੇ ਪਿਤਾ ਜੀ ਵਲੋਂ ਮਿਲੇ ਸਹਿਯੋਗ ਨੂੰ ਸੀਨੀਅਰਾਂ ਨਾਲ ਸਾਂਝਾ ਕੀਤਾ।ਹੈਲਥ ਸਰਵਿਸਿਜ਼ ਫਾਰ ਸੀਨੀਅਰਜ਼ ਆਫ ਪੰਜਾਬੀ ਕਮਿਊਨਿਟੀ ਦੇ ਡਾਕਟਰਾਂ ਰਮਨ ਪ੍ਰੀਤ ਕੌਰ ਤੇ ਸਵਿਤਾ ਨੇ ਮੋਟਾਪੇ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ਼ ਜਾਣਕਾਰੀ ਦਿੱਤੀ ਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਿਸਦਾ ਕਿ ਸੀਨੀਅਰਜ਼ ਨਾਲ ਭਰੇ ਹਾਲ ਵਲੋਂ ਤਾੜੀਆਂ ਮਾਰਕੇ ਭਰਭੂਰ ਹੁੰਗਾਰਾ ਭਰਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸੀਨੀਅਰਜ਼ ਅਬਿਊਜਜ ਬਾਰੇ ਐਲਡਰ ਅਬਿਊਜ ਕੋ ਆਰਡੀਨੇਟਰ ਸੀ ਐਸ ਟੀ ਵੀਟੋ ਪੀਡਾਨੋ ਅਤੇ ਸੀ ਐਸ ਟੀ ਲਵਜੀਤ ਬੈਂਸ ਵੱਲੋਂ ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬਰੈਂਪਟਨ ਪੁਲਿਸ ਦੇ ਫੋਨ ਦਿੰਦਿਆਂ ਕਿਹਾ ਗਿਆ ਕਿ ਕਿਸੇ ਵੀ ਸੀਨੀਅਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਫੋਨ ਕਰ ਸਕਦਾ ਹੈ । ਸਟੇਜ ਸਕੱਤਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਟੇਜ ਦੀ ਕਾਰਵਾਈ ਨੂੰ ਨਿਭਾਉਂਦਿਆਂ ਹੋਇਆਂ ਸੀਨੀਅਰਜ਼ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ।ਐਸੋਸੀਏਸ਼ਨ ਦੀ ਸਮੁੱਚੀ ਲੀਡਰਸ਼ਿਪ ਵਲੋਂ ਜੇਮਜ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਬਸਾਖਾ ਸਿੰਘ ਤਤਲਾ ਅਤੇ ਮੀਤ ਪ੍ਰਧਾਨ ਲਾਲ ਸਿੰਘ ਬਰਾੜ ਵੱਲੋਂ ਕੀਤੇ ਖਾਣ-ਪੀਣ ਦੇ ਪ੍ਰਬੰਧ ਤੇ ਕੀਤੇ ਗਏ ਖਰਚੇ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ ਗਈ ।




