ਚੰਡੀਗੜ੍ਹ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਉਸ ਦੇ ਅੱਜ ਬੁੱਧਵਾਰ ਸਵੇਰੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਪਹੁੰਚਣ ਦੀ ਉਮੀਦ ਹੈ। ਅਮਰੀਕਾ ਤੋਂ ਕੁੱਲ 200 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਤਿੰਨ ਭਾਰਤ ਤੋਂ ਹਨ। ਅਨਮੋਲ ਤੋਂ ਇਲਾਵਾ, ਦੋ ਪੰਜਾਬ ਤੋਂ ਹਨ।
ਗੈਂਗਸਟਰ ਅਨਮੋਲ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ‘ਚ ਲੋੜੀਂਦਾ ਹੈ। ਉਹ ਪਿਛਲੇ ਸਾਲ ਮੁੰਬਈ ਵਿੱਚ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਦਾ ਮੁੱਖ ਮੁਲਜ਼ਮ ਵੀ ਹੈ। ਅਨਮੋਲ ਦਾ ਨਾਮ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸਾਹਮਣੇ ਆਇਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਅਨਮੋਲ ਨੂੰ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਹੁਣ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਉਹ ਭਾਰਤ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਲੋੜੀਂਦੀ ਸੂਚੀ ਵਿੱਚ ਹੈ। ਐਨਆਈਏ ਨੇ ਉਸ ‘ਤੇ ₹10 ਲੱਖ ਦਾ ਇਨਾਮ ਵੀ ਐਲਾਨਿਆ ਸੀ।




