ਮੋਹਾਲੀ, 20 ਨਵੰਬਰ, ਦੇਸ਼ ਕਲਿੱਕ ਬਿਓਰੋ :
35 ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਤਬਦੀਲ ਕਰਨ ਦੇ ਵਿਰੁੱਧ ਖਰੜ ਵਿੱਚ ਚਲ ਰਹੇ ਧਰਨੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪ੍ਰਦਰਸ਼ਨਕਾਰੀਆਂ ਨੂੰ ਦਬਕਾ ਮਾਰਦੇ ਹੋਏ ਕਿਹਾ ਕਿ 10ਵੀਂ ਪਾਸ ਕੋਈ ਮੈਨੂੰ ਸਵਾਲ ਪੁੱਛੇ, ਇਹ ਮੈਨੂੰ ਨੀ ਪਸੰਦ, ਮੈਂ ਪੜ੍ਹਿਆ ਲਿਖਿਆ ਹਾਂ।
ਖਰੜ ਵਿਚ ਬਾਰ ਐਸੋਸੀਏਸ਼ਨ ਦੇ ਧਰਨੇ ਵਿੱਚ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਗੱਲ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ 10ਵੀਂ ਪਾਸ ਕੋਈ ਮੈਨੂੰ ਸਵਾਲ ਪੁੱਛੇ ਇਹ ਮੈਨੂੰ ਪਸੰਦ ਨਹੀਂ। ਮੈਂ ਪੜ੍ਹਿਆ ਲਿਖਿਆ ਡਾਕਟਰ ਹਾਂ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਹੇਠਾਂ ਬੈਠ ਜਾਓ, ਜੇਕਰ ਗੱਲ ਨਹੀਂ ਸੁਣਨੀ ਤਾਂ ਮੈਂ ਚਲਿਆ ਜਾਂਦਾ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ 35 ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਵਿਚ ਭੇਜਣ ਲਈ ਕੋਈ ਤਜਵੀਜ਼ ਨਹੀਂ ਹੈ। ਮੈਂ ਲਿਖ ਕੇ ਦੇਣ ਲਈ ਤਿਆਰ ਹਾਂ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਤੁਸੀਂ ਇਸ ਦੀ ਗਾਰੰਟੀ ਲੈਂਦੇ ਹੋ ਤਾਂ ਲਿਖ ਕੇ ਦਿਓ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਝੂਠ ਬੋਲਿਆ ਜਾ ਰਿਹਾ ਹੈ, ਜਦੋਂ ਕਿ ਅੰਦਰ ਅੰਦਰ ਇਸ ਦੀ ਤਿਆਰੀ ਚਲ ਰਹੀ ਹੈ।




